ਦਿੱਲੀ ਆਬਕਾਰੀ ਨੀਤੀ ਘਪਲੇ ਨੂੰ ਲੈਕੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਈ.ਡੀ. ਦੇ ਨਿਸ਼ਾਨੇ ‘ਤੇ ਆ ਗਏ ਹਨ। ਦਸ ਦਈਏ ਕਿ ਦਿੱਲੀ ਸ਼ਰਾਬ ਨੀਤੀ ਘੁਟਾਲੇ ਦੇ ਵਿਚ ਅੱਜ ਈ.ਡੀ. ਵਲੋਂ ਸਪਲੀਮੈਂਟਰੀ ਚਾਰਜਸ਼ੀਟ ਕੋਰਟ ਵਿਚ ਪੇਸ਼ ਕੀਤੀ ਗਈ ਹੈ। ਜਿਸ ਵਿਚ ‘ਆਪ’ ਨੇਤਾ ਰਾਘਵ ਚੱਢਾ ਦਾ ਨਾਂ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਉਸ ਨੂੰ ਦੋਸ਼ੀ ਨਹੀਂ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ ‘ਆਪ’ ਸੰਸਦ ਸੰਜੇ ਸਿੰਘ ਦਾ ਨਾਂ ਵੀ ਸਾਹਮਣੇ ਆਇਆ ਸੀ। ਚਾਰਜਸ਼ੀਟ ‘ਚ ਉਸ ‘ਤੇ 82 ਲੱਖ ਰੁਪਏ ਚੰਦਾ ਲੈਣ ਦਾ ਜ਼ਿਕਰ ਸੀ।
ਰਾਘਵ ਚੱਢਾ ਦਾ ਨਾਮ ਆਉਣ ਹੋਣ ਤੋਂ ਬਾਅਦ ਸਿਆਸਤ ਵਿਚ ਭੂਚਾਲ ਆ ਗਿਆ ਹੈ। ਵੱਖ-ਵੱਖ ਵਿਰੋਧੀ ਪਾਰਟੀਆਂ ਵਲੋਂ ‘ਆਪ’ ਸਰਕਾਰ ਨੂੰ ਘੇਰਣਾ ਸ਼ੁਰੂ ਕਰ ਦਿੱਤਾ ਗਿਆ ਹੈ। ਹਾਲਾਂਕਿ, ਇਸ ਮੁੱਦੇ ‘ਤੇ ਰਾਘਵ ਚੱਢਾ ਆਪਣੇ ‘ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਹੈ। ਉਹਨਾਂ ਟਵੀਟ ਕਰਦਿਆਂ ਲਿਖਿਆ, “ED ਵੱਲੋਂ ਮੈਨੂੰ ਮੁਲਜ਼ਮ ਵਜੋਂ ਨਾਮਜ਼ਦ ਕਰਨ ਦੀਆਂ ਖ਼ਬਰਾਂ ਝੂਠੀਆਂ ਅਤੇ ਬਦਨਾਮ ਹਨ। ਮੈਂ ਮੀਡੀਆ ਨੂੰ ਬੇਨਤੀ ਕਰਦਾ ਹਾਂ ਕਿ ਉਹ ਗਲਤ ਰਿਪੋਰਟਾਂ ਤੋਂ ਪਰਹੇਜ਼ ਕਰਨ।
ਦਸ ਦਈਏ ਕਿ ਸ਼ਰਾਬ ਘੁਟਾਲੇ ਦੇ ਸਬੰਧ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈਕੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਹਿਲਾਂ ਹੀ ਤਿਹਾੜ ਜੇਲ੍ਹ ਜੇਲ੍ਹ ਵਿੱਚ ਹਨ। ਇਸ ਤੋਂ ਬਾਅਦ ਹੁਣ ਈ.ਡੀ. ਦੇ ਨਿਸ਼ਾਨੇ ‘ਤੇ ‘ਆਪ’ ਨੇਤਾ ਰਾਘਵ ਚੱਢਾ ਆ ਗਏ ਹਨ। ਖਬਰਾਂ ਮੁਤਾਬਕ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਿਵਾਸ ‘ਤੇ ਸ਼ਰਾਬ ਨੀਤੀ ਨੂੰ ਲੈਕੇ ਇਕ ਮੀਟਿੰਗ ਹੋਈ ਸੀ ਜਿਸ ਵਿੱਚ ਰਾਘਵ ਚੱਢਾ, ਪੰਜਾਬ ਸਰਕਾਰ ਦੇ ਏਸੀਐਸ ਵਿੱਤ, ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ, ਐਫਸੀਟੀ ਤੇ ਪੰਜਾਬ ਆਬਕਾਰੀ ਦੇ ਅਧਿਕਾਰੀ ਤੋਂ ਇਲਾਵਾ ਵਿਜੇ ਨਾਇਰ ਵੀ ਸ਼ਾਮਲ ਸਨ। ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਸਿਸੋਦੀਆ ਦੇ ਸਕੱਤਰ ਨੇ ਰਾਘਵ ਚੱਡਾ ਦਾ ਨਾਮ ਲਿਆ ਹੈ।
ਇਹ ਵੀ ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਸ਼ਰਾਬ ਨੀਤੀ ਮਾਮਲੇ ‘ਚ ਸੀਬੀਆਈ ਨੇ 16 ਅਪ੍ਰੈਲ ਨੂੰ ਉਨ੍ਹਾਂ ਦੇ ਦਫ਼ਤਰ ‘ਚ ਕਰੀਬ 9.30 ਘੰਟੇ ਪੁੱਛਗਿੱਛ ਕੀਤੀ। ਪੁੱਛਗਿੱਛ ਤੋਂ ਬਾਅਦ ਸੀਐੱਮ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਉਨ੍ਹਾਂ ਨੇ ਸੀਬੀਆਈ ਵੱਲੋਂ ਪੁੱਛੇ ਗਏ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹਨ। ਉਨ੍ਹਾਂ ਕੋਲ ਲੁਕਾਉਣ ਲਈ ਕੁਝ ਨਹੀਂ ਹੈ। ਇਹ ਸਾਰਾ ਕਥਿਤ ਸ਼ਰਾਬ ਘੁਟਾਲਾ ਝੂਠ, ਫਰਜ਼ੀ ਅਤੇ ਗੰਦੀ ਰਾਜਨੀਤੀ ਤੋਂ ਪ੍ਰੇਰਿਤ ਹੈ। ਆਮ ਆਦਮੀ ਪਾਰਟੀ ਇੱਕ ਇਮਾਨਦਾਰ ਪਾਰਟੀ ਹੈ। ਉਹ ਮਰ ਜਾਣਗੇ ਪਰ ਆਪਣੀ ਇਮਾਨਦਾਰੀ ਨਾਲ ਕਦੇ ਸਮਝੌਤਾ ਨਹੀਂ ਕਰਨਗੇ। ਉਹ ‘ਆਪ’ ਨੂੰ ਤਬਾਹ ਕਰਨਾ ਚਾਹੁੰਦੇ ਹਨ ਪਰ ਦੇਸ਼ ਦੇ ਲੋਕ ਸਾਡੇ ਨਾਲ ਹਨ।