ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਸੀ.ਬੀ.ਆਈ. ਨੇ ਵੱਡੀ ਕਾਰਵਾਈ ਕਰਦੇ ਹੋਏ ਭਾਰਤ ਰਾਸ਼ਟਰ ਸਮਿਤੀ ਦੇ ਆਗੂ ਕੇ. ਕਵਿਤਾ ਦੇ ਸਾਬਕਾ ਲੇਖਾ ਪ੍ਰੀਖਿਅਕ ਦੱਸੇ ਜਾ ਰਹੇ CA ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਬੁੱਧਵਾਰ ਨੂੰ ਸਾਂਝੀ ਕੀਤੀ ਗਈ ਹੈ। ਸੀ.ਬੀ.ਆਈ. ਨੇ ਹੈਦਰਾਬਾਦ ਵਾਸੀ ਬੁਚੀਬਾਬੂ ਗੋਰੰਟਲਾ ਨੂੰ ਆਬਕਾਰੀ ਨੀਤੀ ਨਾਲ ਜੁੜੇ ਮਾਮਲੇ ਵਿਚ ਪੁੱਛਗਿੱਛ ਲਈ ਦਿੱਲੀ ਬੁਲਾਇਆ ਸੀ। ਗਿਰਫ਼ਤਾਰ ਕਰਨ ਮਗਰੋਂ ਸੀ.ਬੀ.ਆਈ. ਨੇ ਗੋਰੰਟਲਾ ਨੂੰ ਵਿਸ਼ੇਸ਼ ਅਦਾਲਤ ਸਾਹਮਣੇ ਪੇਸ਼ ਕੀਤਾ ਜਿਸ ਨੇ ਉਸ ਨੂੰ 11 ਫਰਵਰੀ ਤਕ ਲਈ ਕੇਂਦਰੀ ਏਜੰਸੀ ਦੀ ਹਿਰਾਸਤ ਵਿਚ ਭੇਜ ਦਿੱਤਾ ਹੈ।
ਦਸਣਯੋਗ ਹੈ ਕਿ ਕੇਂਦਰੀ ਏਜੰਸੀ ਨੇ ਹੈਦਰਾਬਾਦ ਅਤੇ ਨਵੀਂ ਦਿੱਲੀ ਸਥਿਤ ਦਫ਼ਤਰਾਂ ਵਿਚ ਪਿਛਲੇ ਸਾਲ ਅਗਸਤ ਤੋਂ ਅਕਤੂਬਰ ਵਿਚਾਲੇ ਗੋਰੰਟਲਾ ਤੋਂ 15 ਵਾਰ ਪੁੱਛਗਿੱਛ ਕੀਤੀ। ਸੀ.ਬੀ.ਆਈ. ਨੇ ਕਥਿਤ ਦੋਸ਼ਾਂ ਸਬੰਧੀ ਇਸ ਸਾਲ ਵੀ 1 ਅਤੇ 4 ਫਰਵਰੀ ਨੂੰ ਗੋਰੰਟਲਾ ਤੋਂ ਪੁੱਛਗਿੱਛ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸੀ.ਬੀ.ਆਈ. ਦਿੱਲੀ ਆਬਕਾਰੀ ਨੀਤੀ ਬਣਾਉਣ ਅਤੇ ਉਸ ਨੂੰ ਲਾਗੂ ਕਰਨ ਵਿਚ ਸ਼ੱਕੀਆਂ ਵੱਲੋਂ ਕੀਤੀ ਗਈ ਸਾਜ਼ਿਸ਼, ਪੈਸਿਆਂ ਦੇ ਲੈਣ-ਦੇਣ ਅਤੇ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਸਣੇ ਮੁਲਜ਼ਮਾਂ ਦੀ ਭੂਮਿਕਾ ਦਾ ਪਤਾ ਲਗਾਵੇਗੀ। ਸੀ. ਬੀ. ਆਈ. ਨੇ ਦੋਸ਼ ਲਗਾਇਆ ਕਿ ਹੁਣ ਰੱਦ ਕੀਤੀ ਜਾ ਚੁੱਕੀ ਦਿੱਲੀ ਆਬਕਾਰੀ ਨੀਤੀ 2021-22 ਨੂੰ ਬਣਾਉਣ ਅਤੇ ਉਸ ‘ਚ ਗੋਰੰਟਲਾ ਦੀ ਭੂਮਿਕਾ ਤੋਂ ਹੈਦਰਾਬਾਦ ਸਥਿਤ ਥੋਕ ਅਤੇ ਰਿਟੇਲ ਲਾਇਸੰਸ ਧਾਰਕਾਂ ਨੂੰ ਗ਼ਲਤ ਫਾਇਦਾ ਪਹੁੰਚਿਆ। ਨਾਲ ਹੀ ਤੁਹਾਨੂੰ ਦਸ ਦਈਏ ਕਿ ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਈਡੀ ਵਲੋਂ ਬੀਤੇ ਕੱਲ੍ਹ ਗ੍ਰਿਫ਼ਤਾਰ ਕੀਤੇ ਗਏ ਗੌਤਮ ਮਲਹੋਤਰਾ ਨੂੰ ਵੀ ਅਦਾਲਤ ਨੇ 7 ਦਿਨਾਂ ਲਈ ਸੀਬੀਆਈ ਰਿਮਾਂਡ ‘ਤੇ ਭੇਜ ਦਿੱਤਾ ਹੈ।