ਦਿੱਲੀ ਵਿੱਚ ਯਮੁਨਾ ਦੇ ਪਾਣੀ ਦਾ ਪੱਧਰ ਭਾਵੇਂ ਪਿਛਲੇ 24 ਘੰਟਿਆਂ ਵਿੱਚ ਘਟਿਆ ਹੋਵੇ ਪਰ ਇਹ ਖਤਰੇ ਦੇ ਨਿਸ਼ਾਨ ਤੋਂ ਹਾਲੇ ਵੀ ਕਈ ਮੀਟਰ ਉੱਪਰ ਹੈ। ਇਸ ਕਾਰਨ ਆਈਟੀਓ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਯਮੁਨਾ ਦਾ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਯਮੁਨਾ ਦਾ ਪਾਣੀ ਸ਼ੁੱਕਰਵਾਰ ਦੁਪਹਿਰ ਨੂੰ ਸੁਪਰੀਮ ਕੋਰਟ ਪਹੁੰਚ ਗਿਆ। ਹਾਲਾਤ ਵਿਗੜਦੇ ਦੇਖ ਕੇ ਦਿੱਲੀ ‘ਚ ਫੌਜ ਨੂੰ ਵੀ ਬੁਲਾਇਆ ਗਿਆ ਹੈ। ਸ਼ੁੱਕਰਵਾਰ ਦੁਪਹਿਰ 1 ਵਜੇ ਤੱਕ ਯਮੁਨਾ ਦਾ ਪਾਣੀ ਦਾ ਪੱਧਰ 208.29 ਮੀਟਰ ਸੀ, ਜੋ ਵੀਰਵਾਰ ਦੇ 208.62 ਮੀਟਰ ਤੋਂ ਘੱਟ ਹੈ।
ਫੌਜ ਨੇ ਮੋਰਚਾ ਸੰਭਾਲਦਿਆਂ ਹੀ ਸਭ ਤੋਂ ਪਹਿਲਾਂ ਆਈ.ਟੀ.ਓ ਨੇੜੇ ਡਰੇਨੇਜ ਨੰਬਰ 12 ਦੇ ਰੈਗੂਲੇਟਰ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ। ਦੱਸ ਦੇਈਏ ਕਿ ਇਹ ਉਹੀ ਡਰੇਨੇਜ ਹੈ ਜਿਸ ਰਾਹੀਂ ਯਮੁਨਾ ਦਾ ਪਾਣੀ ਲਗਾਤਾਰ ਸ਼ਹਿਰ ਵਿੱਚ ਦਾਖਲ ਹੋ ਰਿਹਾ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜੇਕਰ ਸਮੇਂ ਸਿਰ ਇਸ ਨਾਲੇ ਨੂੰ ਠੀਕ ਨਾ ਕੀਤਾ ਗਿਆ ਤਾਂ ਯਮੁਨਾ ਦਾ ਪਾਣੀ ਦਿੱਲੀ ਦੇ ਹੋਰ ਇਲਾਕਿਆਂ ‘ਚ ਵੀ ਪਹੁੰਚ ਸਕਦਾ ਹੈ।
ਦੱਸ ਦੇਈਏ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਈਟੀਓ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪਾਣੀ ਭਰਨ ਨੂੰ ਦੇਖਦਿਆਂ ਫੌਜ ਅਤੇ ਐਨਡੀਆਰਐਫ ਦੀ ਟੀਮ ਨੂੰ ਮੌਕੇ ‘ਤੇ ਉਤਾਰਨ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਇਸ ਬਾਰੇ ਟਵੀਟ ਵੀ ਕੀਤਾ ਸੀ। ਇਸ ਟਵੀਟ ‘ਚ ਉਨ੍ਹਾਂ ਲਿਖਿਆ ਕਿ ਯਮੁਨਾ ਦਾ ਪਾਣੀ ਸ਼ਹਿਰ ਦੇ ਅੰਦਰ ਆਉਣ ਕਾਰਨ ਆਈਟੀਓ ਦੇ ਆਲੇ-ਦੁਆਲੇ ਹੜ੍ਹ ਆ ਗਿਆ ਹੈ। ਇੰਜੀਨੀਅਰਾਂ ਨੇ ਸਾਰੀ ਰਾਤ ਕੰਮ ਕੀਤਾ। ਮੈਂ ਹੁਣ ਮੁੱਖ ਸਕੱਤਰ ਨੂੰ ਸੈਨਾ ਅਤੇ ਐਨਡੀਆਰਐਫ ਦੀ ਮਦਦ ਲੈਣ ਦੇ ਨਿਰਦੇਸ਼ ਦਿੱਤੇ ਹਨ। ਪਰ ਇਸ ਨੂੰ ਤੁਰੰਤ ਠੀਕ ਕੀਤਾ ਜਾਣਾ ਚਾਹੀਦਾ ਹੈ।
ਇਥੇ ਇਹ ਵੀ ਦਸ ਦਈਏ ਕਿ ਮੁੱਖ ਮੰਤਰੀ ਨਿਵਾਸ ਦੇ 300 ਮੀਟਰ ਤੱਕ ਪਾਣੀ ਭਰ ਗਿਆ ਹੈ। ਯਮੁਨਾ ਬਜ਼ਾਰ, ਮਜਨੂੰ ਕਾ ਟਿਲਾ, ਨਿਗਮ ਬੋਧ ਘਾਟ, ਮੱਠ ਬਾਜ਼ਾਰ, ਵਜ਼ੀਰਾਬਾਦ, ਗੀਤਾ ਕਲੋਨੀ ਅਤੇ ਸ਼ਾਹਦਰਾ ਖੇਤਰ ਯਮੁਨਾ ‘ਚ ਪਾਣੀ ਦਾ ਪੱਧਰ ਵਧਣ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਦਿੱਲੀ ਸਰਕਾਰ ਨੇ ਸੂਬੇ ਤੋਂ ਬਾਹਰਲੇ ਲੋਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸੇ ਲਈ ਸਿੰਘੂ ਬਾਰਡਰ, ਬਦਰਪੁਰ ਬਾਰਡਰ, ਲੋਨੀ ਬਾਰਡਰ ਅਤੇ ਚਿੱਲਾ ਬਾਰਡਰ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਭਾਰੀ ਮਾਲ ਗੱਡੀਆਂ ਦੇ ਦਾਖਲੇ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਹਾਲਾਂਕਿ ਛੋਟੇ ਵਾਹਨਾਂ ਦੀ ਐਂਟਰੀ ਜਾਰੀ ਰਹੇਗੀ।
ਜ਼ਿਕਰਯੋਗ ਹੈ ਕਿ ਯਮੁਨਾ ਦੇ ਪਾਣੀ ਦੇ ਵਧਦੇ ਪੱਧਰ ਅਤੇ ਹੜ੍ਹ ਦੇ ਡਰ ਦੇ ਵਿਚਕਾਰ, ਦਿੱਲੀ ਸਰਕਾਰ ਨੇ ਐਤਵਾਰ ਤੱਕ ਸਾਰੇ ਸਕੂਲ ਅਤੇ ਕਾਲਜ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਨੀਵੇਂ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਂ ‘ਤੇ ਜਾਣ ਲਈ ਕਿਹਾ ਜਾ ਰਿਹਾ ਹੈ। ਦਿੱਲੀ ‘ਚ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ NDRF ਦੀਆਂ 12 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਕੇਂਦਰੀ, ਪੂਰਬੀ ਅਤੇ ਉੱਤਰ ਪੂਰਬੀ ਦਿੱਲੀ ਵਿੱਚ ਤਿੰਨ-ਤਿੰਨ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜਦੋਂ ਕਿ ਦੋ ਟੀਮਾਂ ਦੱਖਣੀ ਪੂਰਬੀ ਦਿੱਲੀ ਵਿੱਚ ਅਤੇ 1 ਟੀਮ ਸ਼ਾਹਦਰਾ ਖੇਤਰ ਵਿੱਚ ਤਾਇਨਾਤ ਹੈ।