ਦਿੱਲੀ ਸਰਕਾਰ ਅਤੇ LG ਦੇ ਚੱਲ ਰਹੇ ਵਿਵਾਦ ‘ਤੇ ਅੱਜ ਸੁਪਰੀਮ ਕੋਰਟ ਵਿਚ ਅਹਿਮ ਸੁਣਵਾਈ ਹੋਈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਸਰਕਾਰ ਦੇ ਹੱਕ ਵਿਚ SC ਨੇ ਫੈਸਲਾ ਸੁਣਾਇਆ ਹੈ। ਦਸ ਦਈਏ ਕਿ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੀ ਸੰਵਿਧਾਨਕ ਬੈਂਚ ਨੇ ਕਿਹਾ ਕਿ ਚੁਨਿੰਦਾ ਸਰਕਾਰ ਦਾ ਪ੍ਰਸ਼ਾਸਨ ‘ਤੇ ਕੰਟਰੋਲ ਜ਼ਰੂਰੀ ਹੈ। CJI ਨੇ ਕਿਹਾ ਕਿ ਚੁਣੀ ਸਰਕਾਰ ਦੀ ਸਲਾਹ ‘ਤੇ LG ਪ੍ਰਸ਼ਾਸਨ ਚਲਾਉਣਗੇ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਸੂਬਿਆਂ ਦੇ ਕੰਮਾਂ ‘ਚ ਕੇਂਦਰ ਦਾ ਦਖਲ ਘੱਟ ਹੋਵੇ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਕਿਹਾ ਸੂਬਿਆਂ ਦਾ ਕੰਮ ਕੇਂਦਰ ਦੇ ਹੱਥ ਵਿਚ ਨਾ ਜਾਵੇ।
ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਨੂੰ ‘ਲੋਕਤੰਤਰ ਦੀ ਜਿੱਤ’ ਕਰਾਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਕੇਜਰੀਵਾਲ ਪਿਛਲੇ ਕਈ ਮਹੀਨਿਆਂ ‘ਚ ਪਹਿਲੀ ਵਾਰ ਦਿੱਲੀ ਸਕੱਤਰੇਤ ਜਾਣਗੇ ਅਤੇ ਆਪਣੀ ਕੈਬਨਿਟ ਦੀ ਬੈਠਕ ਕਰਨਗੇ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਰਬਸੰਮਤੀ ਨਾਲ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਸੇਵਾਵਾਂ ਦੇ ਸੰਬੰਧ ‘ਚ ਦਿੱਲੀ ਸਰਕਾਰ ਕੋਲ ਵਿਧਾਨਕ ਅਤੇ ਕਾਰਜਕਾਰੀ ਸ਼ਕਤੀਆਂ ਹਨ। ‘ਆਪ’ ਨੇ ਇਸ ਫ਼ੈਸਲੇ ਦਾ ਸੁਆਗਤ ਕਰਦੇ ਹੋਏ ਟਵੀਟ ਕੀਤਾ,”ਸੱਤਿਆਮੇਵ ਜਯਤੇ। ਦਿੱਲੀ ਸਰਕਾਰ ਦੀ ਸੁਪਰੀਮ ਕੋਰਟ ‘ਚ ਵੱਡੀ ਜਿੱਤ ਹੋਈ। ਚੁਣੀ ਹੋਈ ਸਰਕਾਰ ਕੋਲ ਅਧਿਕਾਰੀਆਂ ਦੇ ਤਬਾਦਲੇ-ਪੋਸਟਿੰਗ ਦੀ ਸ਼ਕਤੀ ਹੋਵੇਗੀ। ਅਧਿਕਾਰੀ ਚੁਣੀ ਹੋਈ ਸਰਕਾਰ ਦੇ ਮਾਧਿਅਮ ਨਾਲ ਹੀ ਕੰਮ ਕਰਨਗੇ।
ਉੱਥੇ ਹੀ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨਾਲ ਨਿਆਂ ਕਰਨ ਲਈ ਸੁਪਰੀਮ ਕੋਰਟ ਦਾ ਹਾਰਦਿਕ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਵਿਕਾਸ ਦੀ ਗਤੀ ਕਈ ਗੁਣਾ ਵੱਧ ਜਾਵੇਗੀ। ਉਨ੍ਹਾਂ ਨੇ ਟਵੀਟ ਕੀਤਾ,”ਦਿੱਲੀ ਦੇ ਲੋਕਾਂ ਨਾਲ ਨਿਆਂ ਕਰਨ ਲਈ ਮਾਨਯੋਗ ਸਰਵਉੱਚ ਅਦਾਲਤ ਦਾ ਹਾਰਦਿਕ ਧੰਨਵਾਦ। ਇਸ ਫ਼ੈਸਲੇ ਨਾਲ ਦਿੱਲੀ ਦੇ ਵਿਕਾਸ ਦੀ ਗਤੀ ਕਈ ਗੁਣਾ ਵੱਧ ਜਾਵੇਗੀ। ਲੋਕਤੰਤਰ ਦੀ ਜਿੱਤ ਹੋਈ।”