ਪਟਿਆਲਾ : ਰੋਡ ਰੇਜ ਮਾਮਲੇ ਦੇ ਵਿਚ ਪਟਿਆਲਾ ਜੇਲ੍ਹ ‘ਚ 6 ਮਹੀਨੇ ਤੋਂ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੇ ਕਰੀਬੀ ਦੋਸਤ ਨਵਜੋਤ ਸਿੱਧੂ ਨੂੰ ਮਿਲਣ ਲਈ ਪਟਿਆਲਾ ਜੇਲ੍ਹ ਵਿਚ ਪਹੁੰਚੇ। ਤੁਹਾਨੂੰ ਦੱਸ ਦਈਏ ਕਿ ਨਵਜੋਤ ਸਿੱਧੂ 26 ਜਨਵਰੀ ਤੱਕ ਆਪਣੀ ਸਜ਼ਾ ਪੂਰੀ ਕਰਕੇ ਬਾਹਰ ਆ ਸਕਦੇ ਹਨ। ਹੁਣ ਸਿੱਧੂ ਦੇ ਬਾਹਰ ਆਊਣ ਤੋਂ ਪਹਿਲਾ ਸਿਆਸੀ ਗਲਿਆਰੇ ‘ਚ ਹਲਚਲ ਤੇਜ਼ ਹੋ ਗਈ ਹੈ। ਮਨਪ੍ਰੀਤ ਬਾਦਲ ‘ਤੇ ਸਿੱਧੂ ਵਿਚਾਲੇ ਲਗਭਗ 2 ਘੰਟੇ ਗੱਲਬਾਤ ਹੋਈ ਪਰ ਮਨਪ੍ਰੀਤ ਬਾਦਲ ਨੇ ਮੀਡੀਆ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਅਤੇ ਨਾ ਹੀ ਉਹਨਾਂ ਦੀ ਸਿੱਧੂ ਨਾਲ ਹੋਈ ਮੁਲਾਕਾਤ ਬਾਰੇ ਕੋਈ ਜਾਣਕਾਰੀ ਸਾਂਝੀ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਚੰਗੇ ਆਚਰਣ ਦੇ ਮੱਦੇਨਜ਼ਰ ਨਵਜੋਤ ਸਿੱਧੂ 26 ਜਨਵਰੀ ਯਾਨੀ ਕਿ ਗਣਤੰਤਰ ਦਿਹਾੜੇ ‘ਤੇ ਜੇਲ੍ਹ ‘ਚੋਂ ਬਾਹਰ ਆ ਸਕਦੇ ਹਨ। ਰੋਡ ਰੇਜ ਮਾਮਲੇ ‘ਚ ਨਵਜੋਤ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਸੀ। ਜੇਕਰ ਨਵਜੋਤ ਸਿੱਧੂ 26 ਜਨਵਰੀ ਨੂੰ ਜੇਲ੍ਹ ‘ਚੋਂ ਬਾਹਰ ਆ ਜਾਂਦੇ ਹਨ ਤਾਂ ਉਹ ਆਪਣੀ ਸਜ਼ਾ ਪੂਰੀ ਹੋਣ ਤੋਂ ਲਗਭਗ ਸਾਢੇ 3 ਮਹੀਨੇ ਪਹਿਲਾਂ ਹੀ ਰਿਹਾਅ ਹੋ ਜਾਣਗੇ। ਨਾਲ ਹੀ ਤਹਾਨੂੰ ਦਸ ਦਈਏ ਕਿ ਕਿ ਹਾਲ ਹੀ ‘ਚ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਚਿੱਠੀ ਲਿਖੀ ਸੀ। ਇਸ ਤੋਂ ਬਾਅਦ ਇਹ ਕਿਆਸਰਾਈਆਂ ਜਾ ਰਹੀਆਂ ਹਨ ਕਿ ਪਾਰਟੀ ਨਵਜੋਤ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਸੌਂਪ ਸਕਦੀ ਹੈ।