ਵੱਡੀ ਖ਼ਬਰ ਅੰਮ੍ਰਿਤਸਰ ਪੁਲਿਸ ਹੈੱਡ ਕਾਂਸਟੇਬਲ ਸੰਦੀਪ ਸਿੰਘ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਪੁਲਿਸ ਅਧਿਕਾਰੀ ਵੱਲੋਂ ਇਕ ਸੁਸਾਇਡ ਨੋਟ ਲਿਖ ਕੇ ਆਪਣੇ ਘਰ ਦੇ ਕਮਰੇ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ। ਸੰਦੀਪ ਸਿੰਘ ਵੱਲੋਂ ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਕੁਝ ਸਪੱਸ਼ਟ ਨਹੀਂ ਹੋ ਸਕਿਆ ਹੈ। ਸੁਸਾਇਡ ਨੋਟ ਬਾਰੇ ਪੁਲਿਸ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਰਹੀ। ਦੱਸ ਦੇਈਏ ਕਿ ਸੰਦੀਪ ਸਿੰਘ ਮਕਬੂਲਪੁਰਾ ਸਥਿਤ ਗੁਰੂ ਤੇਗ ਬਹਾਦੁਰ ਫਲੈਟਾਂ ਚ ਰਹਿੰਦਾ ਸੀ ਤੇ ਪੁਲਿਸ ਲਾਈਨ ਵਿਚ ਤਾਇਨਾਤ ਸੀ। ਪੁਲਿਸ ਅਧਿਕਾਰੀ ਮੌਕੇ ਉਤੇ ਪੁੱਜੇ ਉਨ੍ਹਾਂ ਵੱਲੋਂ ਸੰਦੀਪ ਸਿੰਘ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਦੇ ਬਿਆਨ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
ਦਸ ਦਈਏ ਕਿ ਸੰਦੀਪ ਸਿੰਘ ਉਹ ਪੁਲਿਸ ਅਧਿਕਾਰੀ ਹਨ ਜਿਸਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚੇਤਾਵਨੀ ਦਿੱਤੀ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੁਲਿਸ ਮੁਲਾਜ਼ਮਾਂ ਦੀ ‘ਪੈਂਟ ਗਿੱਲੀ ਕਰ ਦੇਣ’ ਵਾਲਾ ਬਿਆਨ ਦਿੱਤਾ ਗਿਆ ਸੀ ਜਿਸ ਦਾ ਹੈੱਡ ਕਾਂਸਟੇਬਲ ਸੰਦੀਪ ਸਿੰਘ ਨੇ ਵਿਰੋਧ ਕੀਤਾ ਸੀ। ਨਵਜੋਤ ਸਿੱਧੂ ਨੇ ਇਕ ਸਟੇਜ ਤੋਂ ਕਿਹਾ ਸੀ ਕਿ ਇਹ ਮੁੰਡਾ ਜਦ ਖੰਘੂਰਾ ਮਾਰਦਾ ਤਾਂ ਥਾਣੇਦਾਰ ਦੀ ਪੈਂਟ ਗਿੱਲੀ ਹੋ ਜਾਂਦੀ ਹੈ ਤਾਂ ਉਸ ਵੇਲੇ ਹੌਲਦਾਰ ਸੰਦੀਪ ਸਿੰਘ ਨੇ ਲਾਈਵ ਹੋ ਕੇ ਨਵਜੋਤ ਸਿੰਘ ਸਿੱਧੂ ਨੂੰ ਜਵਾਬ ਦਿੱਤਾ ਸੀ ਕਿ ਤੁਸੀਂ ਐੱਮ.ਐੱਲ. ਏ ਛੱਡੋ, ਸਿੱਧੂ ਖੁਦ ਮੈਨੂੰ ਦਬਕਾ ਮਾਰਨ, ਜੇਕਰ ਮੇਰੇ ਮੱਥੇ ‘ਤੇ ਪਸੀਨੇ ਦੀ ਇੱਕ ਬੂੰਦ ਵੀ ਆ ਗਈ ਤਾਂ ਉਹ ਸਿੱਧੂ ਦੀ ਜੁੱਤੀ ‘ਚ ਪਾਣੀ ਪੀਣ ਲਈ ਤਿਆਰ ਹਨ। ਉਦੋਂ ਤੋਂ ਹੀ ਨਵਜੋਤ ਸਿੰਘ ਸਿੱਧੂ ਤੇ ਹੌਲਦਾਰ ਸੰਦੀਪ ਸਿੰਘ ਦਾ ਵਿਵਾਦ ਚੱਲ ਰਿਹਾ ਸੀ।