ਰੋਡ ਰੇਜ ਮਾਮਲੇ ਨੂੰ ਲੈਕੇ ਪਟਿਆਲਾ ਜੇਲ੍ਹ ਦੇ ਵਿਚ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਤੋਂ ਪਹਿਲਾਂ ਹੀ ਸਿਆਸੀ ਲੀਡਰਾਂ ਵੱਲੋਂ ਸਿੱਧੂ ਨਾਲ ਮੁਲਾਕਾਤਾਂ ਕਰਨ ਦਾ ਦੌਰ ਤੇਜ਼ ਕਰ ਦਿੱਤਾ ਗਿਆ ਹੈ। ਤੁਹਾਨੂੰ ਦਸ ਦਈਏ ਕਿ ਅੱਜ ਸਿੱਧੂ ਨੂੰ ਜੇਲ੍ਹ ‘ਚ ਮਿਲਣ ਲਈ ਕਈ ਕਾਂਗਰਸੀ ਲੀਡਰ ਪਹੁੰਚੇ। ਇਸ ਦਰਮਿਆਨ ਸੁਰਜੀਤ ਧਿਮਾਨ ਵੱਲੋਂ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਗਈ। ਉਥੇ ਹੀ ਰਜਿੰਦਰ ਕੌਰ ਭੱਠਲ ਦੇ ਪੁੱਤਰ ਰਾਹੁਲ ਸਿੱਧੂ ਅਤੇ ਸਾਬਕਾ ਵਿਧਾਇਕ ਨੱਥੂ ਰਾਮ ਵੀ ਇਸ ਮੁਲਾਕਾਤ ਦੌਰਾਨ ਮੌਜੂਦ ਰਹੇ। ਪਟਿਆਲਾ ਜੇਲ੍ਹ ਦੇ ਵਿਚ ਲਗਭਗ 45 ਮਿੰਟ ਤੱਕ ਇਹ ਮੁਲਾਕਾਤ ਹੋਈ।
ਹੁਣ ਸਿੱਧੂ ਦੀ ਰਿਹਾਈ ਦੇ ਵਿਚਾਲੇ ਮੁਲਾਕਾਤਾਂ ਦਾ ਦੌਰ ਤੇਜ਼ ਹੋ ਗਿਆ ਹੈ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ 26 ਜਨਵਰੀ ਨੂੰ ਨਵਜੋਤ ਸਿੰਘ ਸਿੱਧੂ ਰਿਹਾਅ ਹੋ ਸਕਦੇ ਹਨ। ਪੰਜਾਬ ਦੇ ਕਰੀਬ 51 ਕੈਦੀਆਂ ਦੀ ਸੂਚੀ ‘ਚ ਸਿੱਧੂ ਦਾ ਨਾਂ ਸ਼ਾਮਲ ਹੈ, ਜੋ ਗਣਤੰਤਰ ਦਿਵਸ ‘ਤੇ ਮੁਆਫੀ ਲਈ ਯੋਗ ਮੰਨੇ ਜਾਂਦੇ ਹਨ। ਦਰਅਸਲ, ਸੂਬਾ ਸਰਕਾਰ ਦੀਆਂ ਜੇਲ੍ਹ ਨੀਤੀਆਂ ਤੋਂ ਇਲਾਵਾ ਕੇਂਦਰ ਦੀ ਵੀ ਆਪਣੀ ਨੀਤੀ ਹੈ ਜਿਸ ਤਹਿਤ 15 ਅਗਸਤ ਅਤੇ 26 ਜਨਵਰੀ ਨੂੰ ਕੈਦੀਆਂ ਨੂੰ ਰਿਹਾਅ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਰੋਡ ਰੇਜ ਮਾਮਲੇ ‘ਚ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਹੋਈ ਸੀ। ਹਾਲਾਂਕਿ ਸਿੱਧੂ ਪਹਿਲਾਂ ਹੀ 8 ਮਹੀਨੇ ਜੇਲ੍ਹ ਕੱਟ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਕਿ ਜਦੋਂ ਸਿੱਧੂ ਜੇਲ੍ਹ ’ਚੋ ਬਾਹਰ ਆਉਣਗੇ ਤਾਂ ਕਾਂਗਰਸ ਹਾਈਕਮਾਨ ਵੱਲੋਂ ਉਨ੍ਹਾਂ ਨੂੰ ਕਿਹੜੀ ਵੱਡੀ ਜ਼ਿੰਮੇਵਾਰੀ ਸੌਪੀਂ ਜਾਂਦੀ ਹੈ।