ਨਸ਼ਾ ਕੇਂਦਰ ਤੇ ਸੂਬਾ ਸਰਕਾਰ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ, ਖਾਸ ਕਰਕੇ ਸਰਹੱਦੀ ਸੂਬਿਆਂ ਲਈ, ਜਿੱਥੇ ਸਰਹੱਦ ਪਾਰ ਤੋਂ ਵੱਡੀ ਮਾਤਰਾ ‘ਚ ਨਸ਼ਾ ਭਾਰਤ ਪਹੁੰਚਦਾ ਹੈ, ਇਸ ਮਾਮਲੇ ’ਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ’ਚ ਆਪਣੀ ਆਵਾਜ਼ ਬੁਲੰਦ ਕੀਤੀ। ਉਹਨਾਂ ਕਿਹਾ ਕਿ ਸਰਹੱਦ ’ਤੇ ਵੀ ਨਸ਼ਿਆਂ ਦੀ ਐਂਟਰੀ ਰੋਕਣੀ ਪਵੇਗੀ, ਹਵਾਈ ਅੱਡਿਆਂ ਅਤੇ ਬੰਦਰਗਾਹਾਂ ’ਤੇ ਨਸ਼ਿਆਂ ਦੇ ਦਾਖਲੇ ’ਤੇ ਵੀ ਰੋਕ ਲਗਾਉਣੀ ਪਵੇਗੀ, ਸ਼ਾਹ ਨੇ ਕਿਹਾ ਕਿ ਨਾਰਕੋ ਵਿਭਾਗ ਅਤੇ ਸੂਬੇ ਦੀਆਂ ਸਾਰੀਆਂ ਏਜੰਸੀਆਂ ਨੂੰ ਇੱਕੋ ਪੰਨੇ ’ਤੇ ਕੰਮ ਕਰਨਾ ਹੋਵੇਗਾ। ਅਮਿਤ ਸ਼ਾਹ ਨੇ ਕਿਹਾ ਕਿ ਨਸ਼ਾ ਇੱਕ ਗੰਭੀਰ ਸਮੱਸਿਆ ਹੈ, ਜਿਸ ਕਾਰਨ ਸਾਡੀ ਨਸਲ ਬਰਬਾਦ ਹੋ ਰਹੀ ਹੈ, ਇਸ ਦੇ ਵਪਾਰ ਤੋਂ ਹੋਣ ਵਾਲੀ ਆਮਦਨ ਅੱਤਵਾਦੀਆਂ ਦੀ ਮਦਦ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਨਸ਼ਾ ਮੁਕਤ ਭਾਰਤ ਦਾ ਸੁਪਨਾ ਸਾਕਾਰ ਕਰਨਾ ਹੋਵੇਗਾ। ਗ੍ਰਹਿ ਮੰਤਰੀ ਸ਼ਾਹ ਨੇ ਅੱਗੇ ਕਿਹਾ ਕਿ ਜਿੱਥੋਂ ਤੱਕ ਨਸ਼ਿਆਂ ਦੇ ਕਾਰੋਬਾਰ ’ਤੇ ਸਖਤੀ ਦਾ ਸਵਾਲ ਹੈ, ਗ੍ਰਹਿ ਮੰਤਰਾਲੇ ਨੇ ਪਿਛਲੇ 3 ਸਾਲਾਂ ’ਚ ਕਈ ਕਦਮ ਚੁੱਕੇ ਹਨ। ਅਸੀਂ ਜੋ ਐਨਆਈਏ ਕਾਨੂੰਨ ਲਿਆਂਦਾ ਹੈ, ਉਸ ਵਿੱਚ ਡਰੱਗਜ਼ ਕਾਨੂੰਨ ਖ਼ਿਲਾਫ਼ ਕਾਰਵਾਈ ਦਾ ਜ਼ਿਕਰ ਹੈ। ਰਾਜ ਪੁਲਿਸ, ਐਨਆਈਏ ਅਤੇ ਐਨਸੀਬੀ ਨਸ਼ਿਆਂ ਦੇ ਸਮੁੱਚੇ ਨੈਟਵਰਕ ਨੂੰ ਨਸ਼ਟ ਕਰਨ ਲਈ ਜ਼ੋਰਦਾਰ ਢੰਗ ਨਾਲ ਕੰਮ ਕਰ ਰਹੇ ਹਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਦੀ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਅਤੇ ਇਸ ਨਾਲ ਹੋਣ ਵਾਲੀ ਕਮਾਈ ਖਿਲਾਫ ਕਦੇ ਬਰਦਾਸ਼ਤ ਨਾ ਕਰਨ ਦੀ ਨੀਤੀ ਹੈ ਅਤੇ ਇਸ ਲੜਾਈ ਨੂੰ ਕੇਂਦਰ ਅਤੇ ਸੂਬਿਆਂ ਸਮੇਤ ਸਾਰਿਆਂ ਨੂੰ ਮਿਲ ਕੇ ਲੜਨਾ ਪਵੇਗਾ। ਸ਼ਾਹ ਨੇ ਕਿਹਾ ਕਿ ਨਸ਼ਾ ਮੁਕਤ ਭਾਰਤ ਲਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਨਾਲ ਜੁੜੇ ਲੋਕ ਮੌਤ ਦਾ ਕਾਰੋਬਾਰ ਕਰਨ ਵਾਲੇ ਹਨ ਅਤੇ ਇਨ੍ਹਾਂ ਖਿਲਾਫ ਸਖਤ ਕਾਰਵਾਈ ਕਰ ਕੇ ਇਨ੍ਹਾਂ ਨੂੰ ਕਾਨੂੰਨ ਦੇ ਸ਼ਿਕੰਜੇ ਵਿਚ ਲਿਆਉਣਾ ਹੀ ਪਵੇਗਾ। ਲੋਕ ਸਭਾ ਵਿਚ ਨਿਯਮ 193 ਤਹਿਤ ਦੇਸ਼ ਵਿਚ ’ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਸਮੱਸਿਆ ਅਤੇ ਇਸ ਸਬੰਧੀ ਸਰਕਾਰ ਵਲੋਂ ਚੁੱਕੇ ਗਏ ਕਦਮ’ ਵਿਸ਼ੇ ’ਤੇ ਚਰਚਾ ਵਿਚ ਦਖਲ ਦਿੰਦੇ ਹੋਏ ਸ਼ਾਹ ਨੇ ਕਿਹਾ ਕਿ ਨਸ਼ਾ ਦੇਸ਼ ਲਈ ਗੰਭੀਰ ਸਮੱਸਿਆ ਹੈ। ਇਸ ਅਪਰਾਧ ਦੀ ਕੋਈ ਹੱਦ ਨਹੀਂ ਹੈ। ਕੋਈ ਵੀ ਕਿਿਤਓਂ ਵੀ ਬੈਠ ਕੇ ਨਸ਼ੀਲੇ ਪਦਾਰਥ ਭੇਜ ਦਿੰਦਾ ਹੈ ਅਤੇ ਇਸ ਵਿਚ ਸਾਡੇ ਬੱਚੇ ਫਸਦੇ ਹਨ। ਨਸ਼ਾ ਨਸਲਾਂ ਨੂੰ ਬਰਬਾਦ ਕਰ ਦਿੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਨਾਲ ਮੁਨਾਫੇ ਦਾ ਇਸਤੇਮਾਲ ਅੱਤਵਾਦ ਦੇ ਵਿੱਤ ਪੋਸ਼ਣ ਵਿਚ ਹੋਣ ਦੀ ਸੂਚਨਾ ਵੀ ਹੈ।
ਇਸ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਵਿਦੇਸ਼ੀ ਅੰਸ਼ਦਾਨ ਵਟਾਂਦਰਾ ਐਕਟ (ਐੱਫ. ਸੀ. ਆਰ. ਏ.) ਦੀ ਦੁਰਵਰਤੋਂ ਕਰਨ ਵਾਲੇ ਐੱਨ. ਜੀ. ਓ. ਅਤੇ ਸੰਗਠਨਾਂ ਪ੍ਰਤੀ ਕੋਈ ਦਯਾ ਭਾਵ ਨਵੀਂ ਦਿਖਾਇਆ ਜਾਵੇਗਾ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸ਼ਾਹ ਨੇ ਦੱਸਿਆ ਕਿ ਦੇਸ਼ ਵਿਚ ਨਸ਼ਾ ਮੁਕਤੀ ਮੁਹਿੰਮ ਵਿਚ ਚਿਨਮਯ ਮਿਸ਼ਨ, ਨਿਰੰਕਾਰੀ, ਬ੍ਰਹਮਕੁਮਾਰੀ ਅਤੇ ਆਰਟ ਆਫ ਲੀਵਿੰਗ ਵਰਗੀਆਂ ਅਧਿਆਤਮਿਕ ਸੰਸਥਾਵਾਂ ਜੁੜੀਆਂ ਹਨ, ਇਨ੍ਹਾਂ ਨੂੰ ਐੱਫ. ਸੀ. ਆਰ. ਏ. ਕਾਨੂੰਨ ਤੋਂ ਕੋਈ ਦਿੱਕਤ ਨਹੀਂ ਹੈ।