December 3, 2023
Entertainment Punjab

ਨਹੀਂ ਰਹੇ ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ, ਲੁਧਿਆਣਾ ਦੇ ਡੀਐਮਸੀ ਹਸਪਤਾਲ ‘ਚ ਲਏ ਆਖਰੀ ਸਾਹ

ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅੱਜ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਕੁਝ ਦਿਨ ਪਹਿਲਾਂ ਉਨ੍ਹਾਂ ਦਾ ਹਸਪਤਾਲ ‘ਚ ਆਪਰੇਸ਼ਨ ਹੋਇਆ ਸੀ, ਜਿਸ ਤੋਂ ਬਾਅਦ ਸਰੀਰ ‘ਚ ਇਨਫੈਕਸ਼ਨ ਵੱਧ ਗਈ ਸੀ। ਸ਼ਿੰਦਾ ਕਈ ਦਿਨਾਂ ਤੱਕ ਦੀਪ ਹਸਪਤਾਲ ‘ਚ ਵੀ ਵੈਂਟੀਲੇਟਰ ‘ਤੇ ਰਹੇ। ਇਸ ਤੋਂ ਬਾਅਦ ਉਹਨਾਂ ਦੀ ਹਾਲਤ ਵਿਗੜਨ ਕਾਰਨ ਉਹਨਾਂ ਨੂੰ ਡੀ.ਐਮ.ਸੀ. ਸ਼ਿਫ਼ਟ ਕਰਨਾ ਪਿਆ। ਦਸ ਦਈਏ ਕਿ ਸ਼ਿੰਦਾ ਦਾ ਕੁਝ ਦਿਨ ਪਹਿਲਾਂ ਔਰੀਸਨ ਹਸਪਤਾਲ ‘ਚ ਮਾਮੂਲੀ ਅਪਰੇਸ਼ਨ ਹੋਇਆ ਸੀ, ਜਿਸ ਤੋਂ ਬਾਅਦ ਅਚਾਨਕ ਇਨਫੈਕਸ਼ਨ ਵੱਧ ਗਈ ਸੀ। ਇਸ ਕਾਰਨ ਉਨ੍ਹਾਂ ਨੂੰ ਸਾਹ ਆਦਿ ਲੈਣ ‘ਚ ਦਿੱਕਤ ਆ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਪਰ ਅੱਜ ਸੂਚਨਾ ਮਿਲੀ ਕਿ ਉਹਨਾਂ ਦਾ ਦੇਹਾਂਤ ਹੋ ਗਿਆ ਹੈ। ਉਹ ਆਪਣੇ ਪਿੱਛੇ ਪਤਨੀ ਜੋਗਿੰਦਰ ਕੌਰ ਅਤੇ ਪੁੱਤਰ ਮਨਿੰਦਰ ਸ਼ਿੰਦਾ, ਸਿਮਰਨ ਸ਼ਿੰਦਾ ਛੱਡ ਗਏ ਹਨ।

ਜ਼ਿਕਰਯੋਗ ਹੈ ਕਿ ਸ਼ਿੰਦਾ ਨੇ 4 ਸਾਲ ਦੀ ਉਮਰ ਵਿੱਚ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਸੰਗੀਤ ਉਹਨਾਂ ਨੂੰ ਵਿਰਾਸਤ ਵਿਚ ਮਿਲਿਆ ਸੀ। ਘਰ ਦਾ ਮਾਹੌਲ ਅਜਿਹਾ ਸੀ ਕਿ ਗਾਇਕੀ ਉਨ੍ਹਾਂ ਦੇ ਰੋਮ-ਰੋਮ ਵਿੱਚ ਵਸ ਗਈ ਸੀ। ਸ਼ਿੰਦਾ ਦਾ ਜਨਮ 20 ਮਈ 1953 ਨੂੰ ਪਿੰਡ ਛੋਟੀ ਇਯਾਲੀ ਵਿਖੇ ਪਿਤਾ ਬਚਨ ਰਾਮ ਅਤੇ ਮਾਤਾ ਵਿਦੇਵਤੀ ਦੇ ਘਰ ਹੋਇਆ।ਉਨ੍ਹਾਂ ਦਾ ਅਸਲੀ ਨਾਂ ਸੁਰਿੰਦਰ ਪਾਲ ਧੰਮੀ ਹੈ। ਸ਼ਿੰਦਾ ਨੂੰ ਗਾਉਣਾ ਸਿਖਾਉਣ ਵਾਲੇ ਉਹਨਾਂ ਦੇ ਉਸਤਾਦ ਮਿਸਤਰੀ ਬਚਨ ਰਾਮ ਸਨ। ਗਾਇਕ ਬਣਨ ਤੋਂ ਪਹਿਲਾਂ ਉਹ ਸਰੂਪ ਮਕੈਨੀਕਲ ਵਰਕਸ ਲੁਧਿਆਣਾ ਵਿੱਚ ਕੰਮ ਕਰਦੇ ਸੀ। ਪਰ ਉਹ ਗਾਇਕ ਬਣਨਾ ਚਾਹੁੰਦੇ ਸੀ। ਇਸ ਲਈ ਉਹਨਾਂ ਨੇ ਨੌਕਰੀ ਛੱਡ ਦਿੱਤੀ ਅਤੇ ਇੱਕ ਪੇਸ਼ੇਵਰ ਗਾਇਕ ਬਣਨ ਦਾ ਫੈਸਲਾ ਕੀਤਾ। ਇਸ ਲਈ ਸ਼ਿੰਦਾ ਨੇ ਉਸਤਾਦ ਜਸਵੰਤ ਭਮਰਾ ਤੋਂ ਸੰਗੀਤ ਦੀ ਸਿੱਖਿਆ ਵੀ ਲਈ। ਭਮਰਾ ਉਸ ਸਮੇਂ ਨੈਸ਼ਨਲ ਕਾਲਜ ਵਿੱਚ ਸੰਗੀਤ ਦੇ ਪ੍ਰੋਫ਼ੈਸਰ ਸਨ।

ਸ਼ਿੰਦਾ ਦਾ ਪਹਿਲਾ ਗੀਤ “ਉੱਚਾ ਬੁਰਜ ਲਾਹੌਰ ਦਾ” ਸੀ। ਇਹ ਗੀਤ ਬਹੁਤ ਜਲਦੀ ਸੁਪਰਹਿੱਟ ਹੋ ਗਿਆ ਅਤੇ ਇਸ ਗੀਤ ਨੇ ਸੁਰਿੰਦਰ ਸ਼ਿੰਦਾ ਨੂੰ ਦਰਸ਼ਕਾਂ ਨਾਲ ਜਾਣੂ ਕਰਵਾਇਆ। 1979 ਵਿੱਚ ਸੁਰਿੰਦਰ ਸ਼ਿੰਦਾ “ਰੱਖ ਲੈ ਕਲੰਦਰ ਯਾਰਾ” ਐਲਬਮ ਲੈ ਕੇ ਆਏ। ਇਸ ਐਲਬਮ ਨੂੰ ਪੰਜਾਬੀ ਸੰਗੀਤ ਉਦਯੋਗ ਵਿੱਚ ਬਹੁਤ ਸਫਲਤਾ ਮਿਲੀ।

ਇਸ ਐਲਬਮ ਨੂੰ ਸਾਰੇ ਪੰਜਾਬੀ ਸੰਗੀਤ ਪ੍ਰੇਮੀਆਂ ਨੇ ਦਿਲੋਂ ਪ੍ਰਵਾਨ ਕੀਤਾ ਅਤੇ ਸ਼ਿੰਦਾ ਦੀ ਵਿਲੱਖਣ ਗਾਇਕੀ ਦੀ ਸ਼ਲਾਘਾ ਕੀਤੀ। ਕਈ ਮਸ਼ਹੂਰ ਪੰਜਾਬੀ ਗਾਇਕਾਂ ਜਿਵੇਂ ਅਮਰ ਸਿੰਘ ਚਮਕੀਲਾ, ਗਿੱਲ ਹਰਦੀਪ ਅਤੇ ਕਈ ਹੋਰਾਂ ਨੇ ਸੁਰਿੰਦਰ ਸ਼ਿੰਦਾ ਤੋਂ ਸੰਗੀਤ ਦੀ ਸਿੱਖਿਆ ਲਈ ਹੈ। ਸ਼ਿੰਦਾ ਨੇ ਹੁਣ ਤੱਕ 165 ਤੋਂ ਵੱਧ ਗੀਤਾਂ ਦੀਆਂ ਕੈਸੇਟਾਂ ਰਿਲੀਜ਼ ਕੀਤੀਆਂ ਹਨ।

ਸ਼ਿੰਦਾ ਨੇ ਅਦਾਕਾਰੀ ਵਿੱਚ ਜੌਹਰ ਦਿਖਾਉਂਦੇ ਹੋਏ ਪੁਤ ਜੱਟਾਂ ਦੇ, ਉਂਚਾ ਦਰ ਬਾਬੇ ਨਾਨਕ ਦਾ, ਅਣਖ ਜੱਟਾਂ ਦੀ, ਜੱਟ ਜਿਉਣਾ ਮੌੜ, ਬਦਲਾ ਜੱਟੀ ਦਾ, ਪਟੋਲਾ ਅਤੇ ਹੋਰ ਕਈ ਫ਼ਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਕਈ ਐਵਾਰਡ ਜਿੱਤੇ ਹਨ। ਗਾਇਕੀ ਅਤੇ ਅਦਾਕਾਰੀ ਲਈ 26 ਗੋਲਡ ਮੈਡਲ ਅਤੇ 2500 ਤੋਂ ਵੱਧ ਟਰਾਫੀਆਂ ਜਿੱਤ ਚੁੱਕੇ ਹਨ। ਉਹਨਾਂ ਨੂੰ ਕਲਾ ਪ੍ਰੀਸ਼ਦ ਵੱਲੋਂ ਪੰਜਾਬ ਗੌਰਵ ਰਤਨ ਐਵਾਰਡ, ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਗਾਇਕ ਐਵਾਰਡ, ਪੰਜਾਬ ਸਰਕਲ ਇੰਟਰਨੈਸ਼ਨਲ, ਯੂ.ਕੇ ਵੱਲੋਂ ਪੰਜਾਬੀ ਲੋਕ ਪੁਰਸਕਾਰ ਮਿਲ ਚੁੱਕਾ ਹੈ।

Leave feedback about this

  • Quality
  • Price
  • Service

PROS

+
Add Field

CONS

+
Add Field
Choose Image
Choose Video
X