2017 ਵਿਚ ਪੰਜਾਬ-ਰਾਜਸਥਾਨ ਦੀ ਹੱਦ ‘ਤੇ ਇਕ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਪੰਜਾਬ ਦੇ ਨਾਮੀ ਗੈਂਗਸਟਰ ਵਿੱਕੀ ਗੌਂਡਰ ਨਾਲ ਜੁੜੀ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਦਸ ਦਈਏ ਕਿ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਦੀ ਲਾਸ਼ ਰੇਲਵੇ ਟ੍ਰੈਕ ਤੋਂ ਬਰਾਮਦ ਹੋਈ ਹੈ। ਮਹਿਲ ਸਿੰਘ ਦੀ ਰੇਲਵੇ ਲਾਈਨ ਕੋਲੋਂ ਭੇਦ ਭਰੇ ਹਾਲਾਤਾਂ ਵਿਚ ਲਾਸ਼ ਮਿਲੀ ਹੈ। ਦਸਣਯੋਗ ਹੈ ਕਿ ਖਿਡਾਰੀ ਤੋਂ ਗੈਂਗਸਟਰ ਬਣੇ ਹਰਜਿੰਦਰ ਸਿੰਘ ਵਿੱਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਪਿਛਲੇ 2 ਦਿਨਾਂ ਤੋਂ ਘਰੋਂ ਗਾਇਬ ਸੀ। ਹਾਲਾਂਕਿ, ਇਹ ਆਤਮ ਹੱਤਿਆ ਹੈ ਜਾਂ ਕਤਲ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਬੀਤੇ ਮੰਗਲਵਾਰ ਸਵੇਰੇ ਢਾਈ ਵਜੇ ਜੀ.ਆਰ.ਪੀ ਮਲੋਟ ਨੂੰ ਕਬਰਵਾਲਾ ਅਤੇ ਡੱਬਵਾਲੀ ਢਾਬ ਨੇੜੇ ਰੇਲਵੇ ਲਾਈਨ ‘ਤੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ।
ਪੁਲਿਸ ਨੇ ਲਾਸ਼ ਸਿਵਲ ਹਸਪਤਾਲ ਲਿਆ ਕਿ ਮੋਰਚਰੀ ਵਿਚ ਰੱਖ ਦਿੱਤੀ। ਲਾਸ਼ ਦੀ ਸ਼ਨਾਖਤ ਸਬੰਧੀ ਆਸ ਪਾਸ ਪਿੰਡਾਂ ਵਿਚ ਮ੍ਰਿਤਕ ਦਾ ਹੁਲੀਆ ਦੱਸ ਕਿ ਸੂਚਿਤ ਕਰ ਦਿੱਤਾ ਗਿਆ। ਕੱਲ੍ਹ ਦੇਰ ਸ਼ਾਮ ਵਿੱਕੀ ਗੌਂਡਰ ਦੇ ਦੋ ਚਾਚਿਆਂ ਜਗਦੀਸ਼ ਸਿੰਘ ਅਤੇ ਬਖਸ਼ੀਸ਼ ਸਿੰਘ ਨੇ ਮਲੋਟ ਸਰਕਾਰੀ ਹਸਪਤਾਲ ਮਲੋਟ ਵਿਖੇ ਮ੍ਰਿਤਕ ਦੀ ਸ਼ਨਾਖ਼ਤ ਕੀਤੀ।