ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨਾਰਕੋ-ਅੱਤਵਾਦੀ-ਗੈਂਗਸਟਰ ਗਠਜੋੜ ਨਾਲ ਸਬੰਧਤ ਮਾਮਲਿਆਂ ਨੂੰ ਲੈਕੇ ਛੇ ਰਾਜਾਂ ਵਿੱਚ 100 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇਮਾਰੀ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਚੱਲ ਰਹੀ ਹੈ। ਐਨਆਈਏ ਨੇ ਪਿਛਲੇ ਸਾਲ 3-5 ਕੇਸ ਦਰਜ ਕੀਤੇ ਸਨ ਜਦੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਵਿਦੇਸ਼ਾਂ ਵਿੱਚ ਅੱਤਵਾਦੀ ਸੰਗਠਨ ਅਤੇ ਉਨ੍ਹਾਂ ਦੇ ਸਾਥੀ ਸੰਗਠਿਤ ਅਪਰਾਧਿਕ ਗਿਰੋਹਾਂ ਦੇ ਮੈਂਬਰਾਂ ਵਜੋਂ ਕੰਮ ਕਰ ਰਹੇ ਹਨ ਜੋ ਭਾਰਤ ਦੇ ਉੱਤਰੀ ਰਾਜਾਂ ਵਿੱਚ ਨਿਸ਼ਾਨਾ ਕਤਲ ਅਤੇ ਹਿੰਸਕ ਅਪਰਾਧਿਕ ਕਾਰਵਾਈਆਂ ਲਈ ਸਰਗਰਮ ਹਨ।
ਪੰਜਾਬ ਦੀ ਗੱਲ ਕਰੀਏ ਤਾਂ ਇੱਥੋਂ ਦੇ 12 ਜ਼ਿਲ੍ਹਿਆਂ ਵਿੱਚ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਨੇ ਬਠਿੰਡਾ ਅਤੇ ਮੋਗਾ ਜ਼ਿਲ੍ਹਿਆਂ ਵਿੱਚ 4 ਤੋਂ 5 ਥਾਵਾਂ ’ਤੇ ਛਾਪੇ ਮਾਰੇ ਹਨ। ਇਸ ਦੇ ਨਾਲ ਹੀ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਦੇ ਕਈ ਇਲਾਕਿਆਂ ‘ਚ NIA ਦੀ ਕਾਰਵਾਈ ਜਾਰੀ ਹੈ। ਇੰਨਾਂ ਹੀ ਨਹੀਂ ਨਾਮੀ ਗੈਂਗਸਟਰ ਪੁਨੀਤ ਸ਼ਰਮਾ ਦੇ ਅਮਨ ਨਗਰ ਸਥਿਤ ਘਰ ਵਿਚ ਐੱਨ. ਆਈ. ਏ. ਦੀ ਟੀਮ ਨੇ ਛਾਪਾ ਮਾਰਿਆ ਹੈ। ਪੁਲਸ ਨੂੰ ਲੰਬੇ ਸਮੇਂ ਤੋਂ ਚਕਮਾ ਦੇ ਰਹੇ ਪੁਨੀਤ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ ਜਦਕਿ ਪੁਲਸ ਨੂੰ ਸ਼ੱਕ ਹੈ ਕਿ ਉਹ ਆਪਣੇ 3 ਟਾਰਗੇਟ ਪੂਰੇ ਕਰਕੇ ਵਿਦੇਸ਼ ਭੱਜਣ ਦੀ ਫਿਰਾਕ ‘ਚ ਹੈ। ਉਸ ਨੇ ਜਾਅਲੀ ਆਧਾਰ ਕਾਰਡ ਅਤੇ ਪਾਸਪੋਰਟ ਵੀ ਬਣਵਾ ਲਿਆ ਹੈ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਛਾਪੇਮਾਰੀ ‘ਚ ਖਾਸ ਕਰਕੇ ਵਿਦੇਸ਼ੀ ਫੰਡਿੰਗ, ਟੈਰਰ ਫੰਡਿੰਗ ਅਤੇ ਦੇਸ਼ ਵਿਰੋਧੀ ਤਾਕਤਾਂ ਦੇ ਸਬੰਧ ਨੂੰ ਲੈ ਕੇ ਕਈ ਅਹਿਮ ਸੁਰਾਗ ਮਿਲੇ ਹਨ, ਜਿਸ ਤੋਂ ਬਾਅਦ ਇਕੱਲੇ ਪੰਜਾਬ ‘ਚ 60 ਤੋਂ ਵੱਧ ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।