ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਿਲਾਂ ਉਸ ਵੇਲੇ ਵਧਦੀਆਂ ਵਿਖਾਈ ਦਿੱਤੀਆਂ ਜਦੋਂ ਨਿਊਯਾਰਕ ਦੀ ਇੱਕ ਜਿਊਰੀ ਨੇ ਮੰਗਲਵਾਰ ਨੂੰ ਪਾਇਆ ਕਿ ਡੋਨਾਲਡ ਟਰੰਪ ਨੇ ਤਕਰੀਬਨ 27 ਸਾਲ ਪਹਿਲਾਂ ਨਿਊਯਾਰਕ ਦੇ ਡਿਪਾਰਟਮੈਂਟ ਸਟੋਰ ਦੇ ਚੇਂਜਿੰਗ ਰੂਮ ਵਿੱਚ ਸਲਾਹਕਾਰ ਕਾਲਮਨਵੀਸ ਈ ਜੀਨ ਕੈਰੋਲ ਦਾ ਜਿਨਸੀ ਸ਼ੋਸ਼ਣ ਕੀਤਾ ਸੀ ਅਤੇ ਕੈਰੋਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਬਾਅਦ ਜਿਊਰੀ ਨੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਕੁੱਲ 5 ਮਿਲੀਅਨ ਡਾਲਰ (ਲਗਭਗ 41 ਕਰੋੜ ਭਾਰਤੀ ਰੁਪਏ) ਹਰਜਾਨੇ ਵਜੋਂ ਦੇਣ ਦੇ ਵੀ ਹੁਕਮ ਦਿੱਤੇ ਹਨ। ਹਾਲਾਂਕਿ, ਸੁਣਵਾਈ ਦੌਰਾਨ ਨੌਂ ਜੱਜਾਂ ਨੇ ਈ. ਜੀਨ ਕੈਰੋਲ ਦੇ ਬਲਾਤਕਾਰ ਦੇ ਦੋਸ਼ ਨੂੰ ਖਾਰਜ ਕਰ ਦਿੱਤਾ, ਪਰ ਸਿਵਲ ਟਰਾਇਲ ਵਿਚ ਉਸ ਦੀਆਂ ਹੋਰ ਸ਼ਿਕਾਇਤਾਂ ਨੂੰ ਬਰਕਰਾਰ ਰੱਖਿਆ।
ਉੱਧਰ, ਡੋਨਾਲਡ ਟਰੰਪ ਨੇ ਦੋਸ਼ਾਂ ਨੂੰ ਨਕਾਰ ਦਿੱਤਾ ਸੀ ਤੇ ਮੈਨਹਟਨ ਸੰਘੀ ਅਦਾਲਤ ਵਿਚ ਦੋ ਹਫ਼ਤਿਆਂ ਦੇ ਸਿਵਲ ਮੁਕੱਦਮੇ ਵਿਚ ਸ਼ਾਮਲ ਨਹੀਂ ਸੀ ਹੋਏ। ਫ਼ੈਸਲੇ ਤੋਂ ਬਾਅਦ, ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਲਿਖਿਆ: “ਮੈਨੂੰ ਬਿਲਕੁਲ ਨਹੀਂ ਪਤਾ ਕਿ ਇਹ ਔਰਤ ਕੌਣ ਹੈ… ਇਹ ਫੈਸਲਾ ਸ਼ਰਮਨਾਕ ਹੈ।”
ਦਸ ਦਈਇ ਕਿ ਇਹ ਪਹਿਲੀ ਵਾਰ ਹੈ ਜਦੋਂ ਟਰੰਪ ਦੇ ਖਿਲਾਫ ਕੇਸ ਵਿੱਚ ਫੈਸਲਾ ਦਿੱਤਾ ਗਿਆ ਹੈ। ਟਰੰਪ ਨੇ ਦਹਾਕਿਆਂ ਪੁਰਾਣੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਅਤੇ ਦਰਜਨ ਭਰ ਔਰਤਾਂ ਨਾਲ ਜੁੜੇ ਕਾਨੂੰਨੀ ਮਾਮਲਿਆਂ ਦਾ ਸਾਹਮਣਾ ਕੀਤਾ ਹੈ। ਕੈਰੋਲ ਨੇ ਇਸ ਮਾਮਲੇ ‘ਚ ਹਰਜਾਨੇ ਦੀ ਮੰਗ ਕਰਦੇ ਹੋਏ ਟਰੰਪ ਖਿਲਾਫ ਮੁਕੱਦਮਾ ਦਾਇਰ ਕੀਤਾ ਸੀ। ਉਹ ਸਾਬਕਾ ਰਾਸ਼ਟਰਪਤੀ ਤੋਂ ਇਹ ਬਿਆਨ ਵਾਪਸ ਲੈਣ ਦੀ ਵੀ ਮੰਗ ਕਰ ਰਹੀ ਸੀ ਕਿ ਕੈਰਲ ਵੱਲੋਂ ਲਗਾਏ ਗਏ ਦੋਸ਼ ਮਾਣਹਾਨੀ ਹਨ।
ਅਮਰੀਕੀ ਪੱਤਰਕਾਰ, ਲੇਖਕ ਅਤੇ ਕਾਲਮਨਵੀਸ ਈ ਜੀਨ ਕੈਰੋਲ (79) ਨੇ ਪਿਛਲੇ ਸਾਲ ਅਪ੍ਰੈਲ ਵਿਚ ਡੋਨਾਲਡ ਟਰੰਪ ਦੇ ਖਿਲਾਫ ਅਦਾਲਤ ਵਿਚ ਸੁਣਵਾਈ ਦੌਰਾਨ ਦੋਸ਼ ਲਗਾਇਆ ਸੀ ਕਿ ਦੇਸ਼ ਦੇ ਸਾਬਕਾ ਰਾਸ਼ਟਰਪਤੀ ਨੇ ਇਕ ਲਗਜ਼ਰੀ ਡਿਪਾਰਟਮੈਂਟ ਸਟੋਰ ਵਿਚ ਉਸ ਨਾਲ ਬਲਾਤਕਾਰ ਕੀਤਾ ਸੀ।