ਖਾਲਸਾ ਪੰਥ ਦੇ ਕੌਮੀ ਤਿਓਹਾਰ ਹੋਲੇ-ਮਹੱਲੇ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੁਝ ਨੌਜਵਾਨਾਂ ਵਲੋਂ ਗੁਰਦਾਸਪੁਰ ਦੇ ਪਿੰਡ ਗਾਜੀਕੋਟ ਦੇ ਰਹਿਣ ਵਾਲੇ ਅਤੇ ਕੈਨੇਡਾ ਵਾਸੀ ਨੌਜਵਾਨ ਨਿਹੰਗ ਪ੍ਰਦੀਪ ਸਿੰਘ ਦਾ ਕਤਲ ਕੀਤਾ ਗਿਆ ਸੀ। ਜਿਸ ਦਾ ਅੱਜ ਅੰਤਿਮ ਸਸਕਾਰ ਉਹਨਾਂ ਦੇ ਪਰਿਵਾਰ ਵਾਲਿਆਂ ਵਲੋਂ ਕਰ ਦਿੱਤਾ ਗਿਆ ਹੈ। ਇਸ ਦੌਰਾਨ ਜਿਥੇ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਮਜੀਠਿਆ ਸਣੇ ਕਈ ਹੋਰ ਆਗੂ ਵੀ ਪ੍ਰਦੀਪ ਸਿੰਘ ਦੇ ਪਰਿਵਾਰ ਦਾ ਦੁੱਖ ਵੰਡਾਉਣ ਉਨ੍ਹਾਂ ਘਰ ਪਹੁੰਚੇ ਉਥੇ ਹੀ ਭਾਰੀ ਤਦਾਤ ਵਿੱਚ ਲੋਕਾਂ ਦਾ ਇਕੱਠ ਵੀ ਦੇਖਣ ਨੂੰ ਮਿਲਿਆ। ਇਸ ਮੌਕੇ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਿੰਡ ‘ਚ ਵੀ ਸੋਗ ਦੀ ਲਹਿਰ ਦੋੜ ਚੁੱਕੀ ਹੈ।
ਅਕਾਲੀ ਆਗੂ ਮਜੀਠੀਆ ਨੇ ਜਿਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉਥੇ ਹੀ ਉਹਨਾਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਅਕਾਲੀ ਆਗੂ ਨੇ ਲਾਅ ਐਂਡ ਆਰਡਰ ਦੇ ਹਾਲਾਤਾਂ ਲਈ ਸਰਕਾਰ ਨੂੰ ਕੋਸਿਆ ਅਤੇ ਇਸ ਘਟਨਾ ਤੋਂ ਸੇਧ ਲੈਂਦਿਆਂ ਸਭ ਨੂੰ ਜਿੰਮੇਵਾਰੀ ਨਾਲ ਗੁਰੂ ਘਰਾਂ ‘ਚ ਜਾਣ ਮੌਕੇ ਨਿਮਾਣਾ ਬਣ ਕੇ ਅਜਿਹੀ ਹੁੱਲੜਬਾਜ਼ੀ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ। ਦਸ ਦਈਏ ਕਿ ਹੋਲੇ-ਮਹੱਲੇ ਦੌਰਾਨ ਕਤਲ ਕੀਤੇ ਗਏ ਪ੍ਰਦੀਪ ਸਿੰਘ, ਬਿਨਾਂ ਸਾਇਲੈਂਸਰਾਂ ਤੋਂ ਘੁੰਮ ਰਹੇ ਮੋਟਰਸਾਈਕਲਾਂ ਅਤੇ ਵੱਡੇ-ਵੱਡੇ ਸਪੀਕਰ ਲਗਾ ਕੇ ਰੇਸਾਂ ਲਗਾ ਰਹੇ ਟ੍ਰੈਕਟਰਾਂ ਵਾਲਿਆਂ ਨੂੰ ਅਜਿਹੀ ਹੁੱਲੜਬਾਜ਼ੀ ਕਰਨ ਤੋਂ ਰੋਕ ਰਹੇ ਸਨ।
ਇਸ ਦੌਰਾਨ ਕੁਝ ਨੌਜਵਾਨਾਂ ਦੀ ਪ੍ਰਦੀਪ ਸਿੰਘ ਨਾਲ ਬਹਿਸ ਹੋ ਗਈ ਅਤੇ ਲੜਾਈ ਝਗੜਾ ਸ਼ੁਰੂ ਹੋ ਗਿਆ, ਜਿਸ ਵਿਚ ਪ੍ਰਦੀਪ ਸਿੰਘ ਦੀ ਕੋਈ ਨੁਕੀਲੀ ਚੀਜ਼ ਵੱਜਣ ਨਾਲ ਮੌਤ ਹੋ ਗਈ। ਹੋਲਾ-ਮਹੱਲਾ ਦੌਰਾਨ ਵਾਪਰੀ ਇਸ ਵਾਰਦਾਤ ਤੋਂ ਬਾਅਦ ਪੁਲਿਸ ਵੱਲੋਂ ਕਿਸੇ ਗੈਂਗਵਾਰ ਦੀ ਹੋਰ ਸੰਭਾਵੀ ਵਾਰਦਾਤ ਨੂੰ ਭਾਂਪਦਿਆਂ ਸਮੁੱਚਾ ਹੋਲਾ-ਮਹੱਲਾ ਖੇਤਰ ਪੁਲਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਸੀ।