2024 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਵਿਰੋਧੀ ਪਾਰਟੀਆਂ ਦੀ ਇੱਕ ਮਹਾਂਬੈਠਕ ਹੋਈ। ਇਸ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ, ਸੀਨੀਅਰ ਕਾਂਗਰਸੀ ਲੀਡਰ ਰਾਹੁਲ ਗਾਂਧੀ, ਜੇਡੀਯੂ ਨੇਤਾ ਅਤੇ ਬਿਹਾਰ ਮੁੱਖ ਮੰਤਰੀ ਨਿਤੀਸ਼ ਕੁਮਾਰ, ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ, ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਸੀ.ਐਮ. ਭਗਵੰਤ ਮਾਨ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਐਨਸੀਪੀ ਮੁਖੀ ਸ਼ਰਦ ਪਵਾਰ, ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ, ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ, ਐਨਸੀ ਆਗੂ ਫਾਰੂਕ ਅਬਦੁੱਲਾ, ਸੀਪੀਆਈ ਸਕੱਤਰ ਡੀ.ਰਾਜਾ, ਕਈ ਸ. ਸੀਪੀਐਮ ਦੇ ਸਕੱਤਰ ਸੀਤਾਰਾਮ ਯੇਚੁਰੀ ਅਤੇ ਸੀਪੀਆਈਐਮਐਲ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਸਮੇਤ ਵੱਡੇ ਸਿਆਸੀ ਦਿੱਗਜਾਂ ਨੇ ਸ਼ਿਰਕਤ ਕੀਤੀ। ਵਿਰੋਧੀ ਧਿਰ ਦੀ ਇਸ ਵੱਡੀ ਮੀਟਿੰਗ ‘ਚ ਲੋਕ ਸਭਾ ਚੋਣਾਂ 2024 ਦੇ ਰੋਡਮੈਪ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਵਿਰੋਧੀ ਪਾਰਟੀਆਂ ਦੀ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਨਿਤੀਸ਼ ਕੁਮਾਰ ਨੇ ਕਿਹਾ ਕਿ ਇਹ ਇੱਕ ਚੰਗੀ ਮੀਟਿੰਗ ਰਹੀ ਅਤੇ ਇਕੱਠੇ ਚੱਲਣ ਲਈ ਸਹਿਮਤੀ ਬਣੀ ਹੈ। ਮਲਿਕਾਰਜੁਨ ਖੜਗੇ ਅਗਲੀ ਮੀਟਿੰਗ ਹਿਮਚਾਲ ਵਿਚ ਕਰਨਗੇ। ਇਸ ਮੌਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਮੌਜੂਦਾ ਸਰਕਾਰ ਦੇਸ਼ ਹਿੱਤ ‘ਚ ਕੰਮ ਨਹੀਂ ਕਰ ਰਹੀ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਅਗਲੀ ਮੀਟਿੰਗ ਵਿੱਚ ਫੈਸਲਾ ਕੀਤਾ ਜਾਵੇਗਾ ਕਿ ਕੌਣ ਕਿੱਥੇ ਲੜੇਗਾ, ਜੋ ਲੋਕ ਸਰਕਾਰ ਵਿੱਚ ਹਨ ਉਹ ਦੇਸ਼ ਦੇ ਹਿੱਤ ਵਿੱਚ ਕੰਮ ਨਹੀਂ ਕਰ ਰਹੇ। ਉਹ ਸਾਰੇ ਇਤਿਹਾਸ ਨੂੰ ਬਦਲ ਰਹੇ ਹਨ।
ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਸੀਂ 10 ਜਾਂ 12 ਜੁਲਾਈ ਨੂੰ ਸ਼ਿਮਲਾ ‘ਚ ਦੁਬਾਰਾ ਬੈਠਕ ਕਰ ਰਹੇ ਹਾਂ, ਜਿਸ ‘ਚ ਅਸੀਂ ਕਾਮਨ ਏਜੰਡਾ ਤਿਆਰ ਕਰਾਂਗੇ। ਸਾਨੂੰ ਹਰ ਰਾਜ ਵਿੱਚ ਵੱਖਰੇ ਢੰਗ ਨਾਲ ਕੰਮ ਕਰਨਾ ਹੋਵੇਗਾ। ਸਾਡਾ ਸਾਰਿਆਂ ਦਾ ਉਦੇਸ਼ ਇੱਕ ਹੈ ਕਿ ਅਸੀਂ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨਾ ਹੈ। ਇਸ ਲਈ ਅਸੀਂ ਸਾਰੇ ਇਕੱਠੇ ਚੱਲ ਰਹੇ ਹਾਂ।
ਉਥੇ ਹੀ ਭਰੋਸੇਯੋਗ ਸੂਤਰਾਂ ਨੇ ਦੱਸਿਆ ਹੈ ਕਿ 2024 ‘ਚ ਵਿਰੋਧੀ ਪਾਰਟੀਆਂ ਨੂੰ ਨਾਲ ਲੈ ਕੇ ਚੱਲਣ ਦੀ ਜ਼ਿੰਮੇਵਾਰੀ ਨਿਤੀਸ਼ ਕੁਮਾਰ ਨੂੰ ਸੌਂਪਣ ‘ਤੇ ਸਹਿਮਤੀ ਬਣੀ ਹੈ। ਸੂਤਰਾਂ ਮੁਤਾਬਕ ਨਿਤੀਸ਼ ਕੁਮਾਰ ਵਿਰੋਧੀ ਧਿਰਾਂ ਦੇ ਕਨਵੀਨਰ ਹੋਣਗੇ। ਇਸ ਦੌਰਾਨ ਭਾਜਪਾ ਖਿਲਾਫ਼ ਰਣਨੀਤੀ ਬਣਾਈ ਗਈ ਹੈ। ਇਸ ਤੋਂ ਪਹਿਲਾਂ ਪਟਨਾ ਵਿਚ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨੇ ਸਾਧੇ। ਰਾਹੁਲ ਗਾਂਧੀ ਨੇ ਕਿਹਾ ਕਿ “ਬੀਜੇਪੀ ਨਫ਼ਤਰ-ਹਿੰਸਾ ਫੈਲਾਉਣ ਦਾ ਕੰਮ ਕਰ ਰਹੀ ਹੈ, ਇਸ ਲਈ ਅਸੀਂ ਇਕੱਠੇ ਹੋ ਕੇ ਬੀਜੇਪੀ ਨੂੰ ਹਰਾਉਣ ਜਾ ਰਹੇ ਹਾਂ।”