ਬਿਹਾਰ ਦੀ ਰਾਜਧਾਨੀ ਪਟਨਾ ਦੇ ਲੋਦੀਪੁਰ ਸਥਿਤ ਇਕ ਸ਼ਾਪਿੰਗ ਮਾਲ ਦੇ ਵੈਕਸ ਮਿਊਜ਼ੀਅਮ ‘ਚ ਸਿੱਖ ਪੰਥ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੋਮ ਦਾ ਬੁੱਤ ਲਗਾਉਣ ਦਾ ਮਾਮਲਾ ਲਗਾਤਾਰ ਅੱਗ ਫੜਦਾ ਹੋਇਆ ਵਿਖਾਈ ਦੇ ਰਿਹਾ ਹੈ। ਹਾਲਾਂਕਿ, ਸਿੱਖ ਆਗੂਆਂ ਵਲੋਂ ਕੀਤੇ ਤਿੱਖੇ ਵਿਰੋਧ ਤੋਂ ਬਾਅਦ ਇਹ ਬੁੱਤ ਹਟਾ ਦਿੱਤਾ ਗਿਆ ਹੈ।ਪਰ ਫਿਰ ਵੀ ਸਿੱਖ ਧਾਰਮਿਕ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਰਮ ਵਿੱਚ ਮੂਰਤੀ ਪੂਜਾ ਦੀ ਮਨਾਹੀ ਹੈ ਤਾਂ ਫਿਰ ਗੁਰੂ ਸਾਹਿਬ ਦੀ ਮੂਰਤੀ ਕਿਸ ਹੈਸੀਅਤ ਵਿੱਚ ਮਾਲ ਵਿੱਚ ਸਥਾਪਤ ਕੀਤੀ ਗਈ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਦਖ਼ਲ ਤੋਂ ਇਹ ਮੂਰਤੀ ਹਟਾ ਦਿੱਤੀ ਗਈ ਹੈ।
ਬਠਿੰਡਾ ਤੋਂ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਕਿਹਾ ਕਿ ਸਿੱਖ ਪੰਥ ਨੂੰ ਕਮਜ਼ੋਰ ਕਰਨ ਲਈ ਇਹ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀ ਮਰਿਆਦਾ ਵਿਰੁੱਧ ਕੰਮ ਕਰਨ ਵਾਲਿਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਆਫ਼ੀ ਮੰਗਣੀ ਚਾਹੀਦੀ ਹੈ ਤੇ ਮੂਰਤੀ ਹਟਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਪ੍ਰਮਾਤਮਾ ਦੇ ਨਿਰਾਕਾਰ ਰੂਪ ਬਾਰੇ ਦੱਸਦੇ ਹਨ। ਇਸੇ ਕਰਕੇ ਸਿੱਖ ਪਰੰਪਰਾ ਵਿੱਚ ਮੂਰਤੀ ਪੂਜਾ ਦੀ ਮਨਾਹੀ ਹੈ।
ਦੱਸ ਦਈਏ ਕਿ ਪਟਨਾ ਵਿੱਚ ਜਿਸ ਮਾਲ ਵਿੱਚ ਗੁਰੂ ਸਾਹਿਬ ਦੀ ਮੂਰਤੀ ਲਗਾਉਣ ਦਾ ਵਿਰੋਧ ਹੋ ਰਿਹਾ ਹੈ, ਉਹ ਕਾਰੋਬਾਰੀ ਗੌਤਮ ਅਡਾਨੀ ਦਾ ਹੈ। ਪਟਨਾ ਵਿੱਚ ਅੰਬੂਜਾ ਨਾਮ ਦੀ ਅੰਡਾਨੀ ਦੀ ਕੰਪਨੀ ਨੇ ਸ਼ਾਪਿੰਗ ਮਾਲ ਬਣਾਏ ਹਨ ਜਿਸ ਵਿੱਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤੀ ਸਥਾਪਤ ਕੀਤੀ ਗਈ ਹੈ।