ਕਾਂਗਰਸੀ ਆਗੂ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨਵਜੋਤ ਸਿੰਘ ਸਿੱਧੂ ਅੱਜ ਪਟਿਆਲਾ ਜੇਲ੍ਹ ਤੋਂ ਰਿਹਾਅ ਹੋ ਗਏ ਹਨ। ਇਸ ਦੌਰਾਨ ਕਾਂਗਰਸੀ ਵਰਕਰਾਂ ਵਲੋਂ ਉਹਨਾਂ ਦਾ ਫੁੱਲਾਂ ਦੇ ਹਾਰ ਪਾਕੇ ਸੁਆਗਤ ਕੀਤਾ ਗਿਆ ਹੈ। ਜੇਲ੍ਹ ’ਚੋਂ ਰਿਹਾਅ ਹੋਣ ਤੋਂ ਬਾਅਦ ਨਵੋਜਤ ਸਿੱਧੂ ਨੇ ਮੀਡੀਆ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਕਾਨੂੰਨ ਵਿਵਸਥਾ ‘ਤੇ ਉਹ ਸਿੱਧੂ ਮੂਸੇਵਾਲਾ ਦੀ ਹਵੇਲੀ ਜਾਕੇ ਬੋਲਣਗੇ। ਉਥੇ ਹੀ ਦੂਜੇ ਪਾਸੇ ਸਿੱਧੂ ਨੇ ਇਲਜ਼ਾਮ ਲਗਾਏ ਕਿ ਕੇਂਦਰ ਸਰਕਾਰ ਰਾਹੁਲ ਗਾਂਧੀ ਦੀ ਆਵਾਜ਼ ਦਬਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਇਹ ਭੁੱਲ ਗਏ ਹਨ ਕਿ ਰਾਹੁਲ ਗਾਂਧੀ ਵਿਚ ਉਨ੍ਹਾਂ ਪੁਰਵਜ਼ਾ ਦਾ ਖੂਨ ਹੈ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿਚ ਸਭ ਤੋਂ ਵੱਧ ਯੋਗਦਾਨ ਪਾਇਆ ਸੀ। ਸਿੱਧੂ ਨੇ ਕਿਹਾ ਕਿ ਮੇਰੀ ਪਤਨੀ ਨੂੰ ਕੈਂਸਰ ਹੈ ਪਰ ਫਿਰ ਵੀ ਮੈਂ ਜੇਲ੍ਹ ’ਚੋਂ ਛੁੱਟੀ ਨਹੀਂ ਲਈ। ਮੇਰੀ ਲੜਾਈ ਮੇਰੇ ਪਰਿਵਾਰ ਲਈ ਨਹੀਂ ਸਗੋਂ ਪੰਜਾਬ ਲਈ ਹੈ। ਪੰਜਾਬ ਦੇ ਲੋਕਾਂ ਵਿਚ ਮੈਨੂੰ ਰੱਬ ਦਿਸਦਾ ਹੈ। ਕੇਂਦਰ ਸਰਕਾਰ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੁੰਦੀ ਹੈ, ਜਿਸ ਦੇ ਚੱਲਦੇ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ।
ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੇਸ਼ ਦੀ ਏਕਤਾ ਨੂੰ ਤੋੜਿਆ ਜਾ ਰਿਹਾ ਹੈ ਅਤੇ ਰਾਹੁਲ ਗਾਂਧੀ ਇਸ ਏਕਤਾ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਅੱਜ ਵੀ ਕਹਿੰਦਾ ਹਾਂ ਰਾਸ਼ਟਰ ਧਰਮ ਤੋਂ ਵੱਡਾ ਕੋਈ ਧਰਮ ਹੈ। ਸਾਡਾ ਦੇਸ਼ ਇਕ ਹੈ ਅਤੇ ਇਸ ਏਕਤਾ ਨੂੰ ਤੋੜਿਆ ਜਾ ਰਿਹਾ ਹੈ। ਸਿੱਧੂ ਨੇ ਕਿਹਾ ਕਿ ਮੈਂ ਇਸ ਔਖੇ ਸਮੇਂ ਵਿਚ ਕਾਂਗਰਸ ਅਤੇ ਰਾਹੁਲ ਗਾਂਧੀ ਨਾਲ ਚੱਟਾਨ ਵਾਂਗ ਖੜ੍ਹਾ ਹਾਂ।
ਸਿੱਧੂ ਨੇ ਕਿਹਾ ਕਿ ਅੱਜ ਸਰਕਾਰ ਪੂਰੀ ਤਰ੍ਹਾਂ ਖੌਫਜ਼ਦਾ ਹੈ, ਜਿਸ ਦੇ ਚੱਲਦੇ ਉਨ੍ਹਾਂ ਨੂੰ ਦੇਰੀ ਨਾਲ ਜੇਲ੍ਹ ’ਚੋਂ ਬਾਹਰ ਕੱਢਿਆ ਗਿਆ ਹੈ ਕਿਉਂਕਿ ਜੇਲ੍ਹ ਦੇ ਬਾਹਰ ਉਨ੍ਹਾਂ ਦੇ ਸਮਰਥਕਾਂ ਦਾ ਵੱਡਾ ਇਕੱਠ ਦੇਖ ਕੇ ਸਰਕਾਰ ਘਬਰਾ ਗਈ ਹੈ। ਸਿੱਧੂ ਨੇ ਕਿਹਾ ਕਿ ਵੋਟਾਂ ਵੇਲੇ ਪੰਜਾਬ ਦੇ ਲੋਕਾਂ ਨੂੰ ਵੱਡੇ ਵਾਅਦੇ ਕੀਤੇ ਗਏ ਪਰ ਇਹ ਵਾਅਦੇ ਸਿਰਫ ਗੱਲਾਂ ਵਿਚ ਹੀ ਸਨ। ਸਰਕਾਰ ਅਖ਼ਬਾਰਾਂ ਵਿਚ ਇਸ਼ਤਿਹਾਰ ਦੇ ਕੇ ਜਨਤਾ ਦਾ ਪੈਸਾ ਖ਼ਰਾਬ ਕਰ ਰਹੀ ਹੈ ਜਦਕਿ ਹਜ਼ਾਰਾਂ ਕਰੋੜ ਰੁਪਏ ਕਰਜ਼ਾ ਲੈ ਕੇ ਸੂਬੇ ਨੂੰ ਹੋਰ ਕਰਜ਼ਾਈ ਕੀਤਾ ਜਾ ਰਿਹਾ ਹੈ।
Leave feedback about this