ਪਾਕਿਸਤਾਨ ‘ਚ ਸਿੱਖ ਭਾਈਚਾਰੇ ‘ਤੇ ਹਾਲ ਵੀ ਵਿਚ ਹੋਏ ਹਮਲਿਆਂ ਤੋਂ ਬਾਅਦ ਭਾਰਤ ਸਰਕਾਰ ਨੇ ਸਖ਼ਤ ਨੋਟਿਸ ਲੈਂਦਿਆਂ ਬੀਤੇ ਕੱਲ੍ਹ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਸੀਨੀਅਰ ਡਿਪਲੋਮੈਟ ਨੂੰ ਤਲਬ ਕਰ ਲਿਆ ਹੈ। ਸੂਤਰਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ। ਪਾਕਿਸਤਾਨ ਦੇ ਪੇਸ਼ਾਵਰ ‘ਚ 24 ਜੂਨ ਸ਼ਨੀਵਾਰ ਨੂੰ ਬੰਦੂਕਧਾਰੀਆਂ ਨੇ ਮਨਮੋਹਨ ਸਿੰਘ ਨਾਂ ਦੇ ਸਿੱਖ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਕੱਟੜਪੰਥੀ ਸੋਚ ਵਾਲੇ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ (ISKP) ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਪੇਸ਼ਾਵਰ ‘ਚ ਪਿਛਲੇ 48 ਘੰਟਿਆਂ ‘ਚ ਸਿੱਖ ਵਿਅਕਤੀ ‘ਤੇ ਹਮਲੇ ਦੀ ਇਹ ਦੂਜੀ ਘਟਨਾ ਹੈ। ਭਾਰਤ ਨੇ ਇਨ੍ਹਾਂ ਘਟਨਾਵਾਂ ਦਾ ਸਖ਼ਤ ਵਿਰੋਧ ਦਰਜ ਕਰਵਾਇਆ ਹੈ।
ਸੂਤਰਾਂ ਮੁਤਾਬਕ ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨੀ ਅਧਿਕਾਰੀਆਂ ਨੂੰ ਸਿੱਖ ਭਾਈਚਾਰੇ ‘ਤੇ ਹੋਏ ਇਨ੍ਹਾਂ ਹਿੰਸਕ ਹਮਲਿਆਂ ਦੀ ਇਮਾਨਦਾਰੀ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਜਾਂਚ ਰਿਪੋਰਟ ਸਾਂਝੀ ਕਰਨੀ ਚਾਹੀਦੀ ਹੈ। ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਪਾਕਿਸਤਾਨ ਨੂੰ ਆਪਣੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ, ਜੋ ਧਾਰਮਿਕ ਅੱਤਿਆਚਾਰ ਦੇ ਲਗਾਤਾਰ ਡਰ ਵਿਚ ਰਹਿੰਦੇ ਹਨ।
ਦਸ ਦਈਏ ਕਿ ਮਨਮੋਹਨ ਸਿੰਘ ਪੇਸ਼ਾਵਰ ਦੇ ਉਪਨਗਰ ਇਲਾਕੇ ਰਸ਼ੀਦ ਗੜ੍ਹੀ ਤੋਂ ਸ਼ਹਿਰ ਵੱਲ ਜਾ ਰਹੇ ਸਨ, ਤਾਂ ਉਸੇ ਸਮੇਂ ਗੁਲਦਾਰਾ ਚੌਕ, ਕਕਸ਼ਾਲ ਨੇੜੇ ਕੁਝ ਹਥਿਆਰਬੰਦ ਵਿਅਕਤੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਪਾਕਿਸਤਾਨ ਵਿੱਚ ਸਿੱਖਾਂ ਵਿਰੁੱਧ ਅਪ੍ਰੈਲ ਅਤੇ ਜੂਨ 2023 ਵਿਚਕਾਰ ਚਾਰ ਘਟਨਾਵਾਂ ਵਾਪਰ ਚੁੱਕੀਆਂ ਹਨ। ਭਾਰਤ ਨੇ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲਿਆ ਹੈ।
ਮਨਮੋਹਨ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਪੇਸ਼ਾਵਰ ਪੁਲਿਸ ਨੇ ਦੱਸਿਆ ਹੈ ਕਿ ਕੁਝ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਉਹ ਕਤਲ ਵਿੱਚ ਸ਼ਾਮਲ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੇ ਕਰੀਬ ਪਹੁੰਚ ਗਏ ਹਨ।