ਪੰਜਾਬ ‘ਚ ਹੜ੍ਹਾਂ ਕਾਰਨ ਸਥਿਤੀ ਨਾਜ਼ੁਕ ਬਣੀ ਹੋਈ ਹੈ। ਜਿਥੇ ਕਿਸਾਨ ਮੁਆਵਜ਼ੇ ਦੀ ਮੰਗ ਕਰਦੇ ਹੋਏ 5 ਅਗਸਤ ਨੂੰ ਚੰਡੀਗੜ੍ਹ ‘ਚ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰਨਗੇ। ਉਥੇ ਹੀ ਮੁੱਖ ਮੰਤਰੀ ਮਾਨ ਨੇ ਹੜ੍ਹ ਪੀੜਤਾਂ ਨੂੰ ਭਰੋਸਾ ਦਵਾਇਆ ਹੈ ਕਿ ਸਰਕਾਰ ਬੱਕਰੀ ਤੋਂ ਲੈ ਕੇ ਮੁਰਗੀ ਮਰੀ ਤੱਕ ਦੇ ਵੀ ਪੈਸੇ ਦੇਣਗੇ। ਮੁੱਖ ਮੰਤਰੀ ਮਾਨ ਨੇ ਸ਼ਹੀਦ ਉਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸੁਨਾਮ ‘ਚ ਰੱਖੇ ਸਮਾਗਮ ਦੌਰਾਨ ਕਿਹਾ ਕਿ ਹੜ੍ਹਾਂ ਕਾਰਨ ਹੋਏ ਕੱਲੇ-ਕੱਲੇ ਕਿੱਲੇ ਦੇ ਨੁਕਸਾਨ ਦੇ ਪੈਸੇ ਦੇਵਾਂਗੇ। ਭਾਵੇਂ ਕਿਸੇ ਦੀ ਬੱਕਰੀ ਵੀ ਮਰੀ ਹੈ ਉਹਦੇ ਪੈਸੇ ਵੀ ਦੇਵਾਂਗੇ। ਕੁਦਰਤੀ ਆਫ਼ਤ ਤੋਂ ਨਜਿੱਠਣ ਲਈ ਸਰਕਾਰਾਂ ਕੋਲ ਬਹੁਤ ਫੰਡ ਪਿਆ ਹੁੰਦਾ, ਉਸ ਫੰਡ ‘ਚੋਂ ਨੁਕਸਾਨ ਦੀ ਭਰਪਾਈ ਕਰਾਂਗੇ। ਪਿਛਲੀਆਂ ਸਰਕਾਰਾਂ ‘ਤੇ ਤੰਜ ਕਸਦੇ ਹੋਏ ਉਨ੍ਹਾਂ ਕਿਹਾ ਕਿ ਉਹ ਐਵੇਂ ਹੀ ਕਹੀ ਗਏ ਖ਼ਜ਼ਾਨਾ ਖਾਲੀ ਹੈ, ਜਦੋਂ ਮੈਂ ਵੇਖਿਆ ਤਾਂ ਖ਼ਜ਼ਾਨੇ ‘ਚ ਐਨਾ ਕੁਝ ਪਿਆ ਸੀ। ਉਹਨਾਂ ਕਿਹਾ ਕਿ ਪਹਿਲਾਂ ਵਾਲਿਆਂ ਨੂੰ ਵਰਤਣਾ ਹੀ ਨਹੀਂ ਆਇਆ, ਹੁਣ ਮੈਂ ਵਰਤੂਗਾਂ।
ਉਥੇ ਹੀ ਮੁੱਖ ਮੰਤਰੀ ਮਾਨ ਇਕ ਵਾਰ ਫਿਰ ਰਾਹਤ ਫੰਡ ਨੂੰ ਲੈਕੇ ਕੇਂਦਰ ‘ਤੇ ਵਰ੍ਹਦੇ ਹੋਏ ਵਿਖਾਈ ਦਿੱਤੇ। ਉਹਨਾਂ ਕਿਹਾ ਕਿ “ਇਹ ਕਹਿੰਦੇ ਹਨ ਕੇਂਦਰ ਤੋਂ ਮੰਗ ਲੋ, ਮੈਂ ਕਿਉਂ ਮੰਗਾ। ਜਿਹੜਾ ਕੁਦਰਤੀ ਆਫ਼ਤ ਦਾ ਪੈਸਾ ਹੁੰਦਾ ਉਹ ਬਹੁਤ ਪੈਸਾ ਪਿਆ, ਮੈਂ ਵਰਤੂਗਾਂ। ਉਹਨਾਂ ਕਿਹਾ ਕਿ ”ਕਦੇ ਤੁਸੀਂ ਪੰਜਾਬ ਨੂੰ ਭੀਖ ਮੰਗਦੇ ਦੇਖਿਆ ਹੈ ? ਅਸੀਂ ਕੇਂਦਰ ਸਰਕਾਰ ਤੋਂ ਪੈਸੇ ਕਿਉਂ ਮੰਗੀਏ, ਸਾਡੇ ਕੋਲ ਆਪਣੇ ਖ਼ਜਾਨੇ ਵਿੱਚ ਬਹੁਤ ਪੈਸੇ ਪਏ ਹੋਏ ਹਨ।