ਗੰਨ ਕਲਚਰ ਨੂੰ ਲੈਕੇ ਜਾਰੀ ਆਦੇਸ਼ਾਂ ਤੋਂ ਬਾਅਦ ਲੋਕ ਹਲੇ ਵੀ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ। ਆਮ ਲੋਕਾਂ ਤੋਂ ਇਲਾਵਾ ਹੁਣ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਪੰਜਾਬ ਸਰਕਾਰ ਦੇ ਨਿਯਮਾਂ ਨੂੰ ਛਿੱਕੇ ਟੰਗਦੇ ਹੋਈ ਵਿਖਾਈ ਦੇ ਰਹੇ ਹਨ। ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਜੈਜ਼ੀ ਬੀ ਦੀ ਜੋ ਹੁਣ ਖ਼ੁਦ ਇਹੀ ਗਲਤੀ ਦੋਹਰਾ ਬੈਠੇ ਹਨ। ਇੰਜ ਲੱਗਦਾ ਹੈ ਕਿ ਜਾਂ ਤਾਂ ਗਾਇਕ ਨੂੰ ਸਰਕਾਰ ਦੀ ਨਵੀਂ ਨੀਤੀ ਬਾਰੇ ਕੁੱਝ ਪਤਾ ਹੀ ਨਹੀਂ ਹੈ, ਜਾਂ ਫਿਰ ਗਾਇਕ ਨੂੰ ਕਾਨੂੰਨ ਦੀ ਕੋਈ ਪਰਵਾਹ ਹੀ ਨਹੀਂ ਹੈ। ਜੈਜ਼ੀ ਬੀ ਆਪਣੇ ਲੇਟੈਸਟ ਵੀਡੀਓ ‘ਚ ਗੰਨ ਕਲਚਰ ਨੂੰ ਪ੍ਰਮੋਟ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਵੀਡੀਓ ਨੂੰ ਥੋੜ੍ਹੀ ਦੇਰ ਪਹਿਲੀ ਹੀ ਸ਼ੇਅਰ ਕੀਤਾ ਹੈ। ਜੈਜ਼ੀ ਬੀ ਨੇ ਆਪਣੇ ਨਵੇਂ ਗਾਣੇ ‘ਰੂਡ ਬੁਆਏ’ ‘ਤੇ ਰੀਲ ਬਣਾਈ, ਉਸ ਵਿੱਚ ਗੰਨ ਸ਼ਬਦ ਦਾ ਨਾ ਸਿਰਫ਼ ਇਸਤੇਮਾਲ ਕੀਤਾ ਗਿਆ ਹੈ, ਬਲਕਿ ਵੀਡੀਓ ‘ਚ ਜੈਜ਼ੀ ਬੀ ਖੁਦ ਹੱਥਾਂ ਨਾਲ ਗੰਨ ਦਾ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਬੀਤੇ ਦਿਨ ਯਾਨਿ 29 ਨਵੰਬਰ ਆਖਰੀ ਦਿਨ ਸੀ, ਜਦੋਂ ਪੰਜਾਬ ਸਰਕਾਰ ਨੇ ਸੋਸ਼ਲ ਮੀਡੀਆ ‘ਤੇ ਗੰਨ ਕਲਚਰ ਪ੍ਰਮੋਟ ਕਰਨ ਵਾਲੇ ਕੰਟੈਂਟ ਨੂੰ ਹਟਾਉੇਣ ਦੀ ਚੇਤਾਵਨੀ ਦਿੱਤੀ ਸੀ। ਇਸ ਤੋਂ ਬਾਅਦ ਹੁਣ ਜੇ ਕੋਈ ਵੀ ਗਾਇਕ ਜਾਂ ਪੰਜਾਬ ਦਾ ਕੋਈ ਵੀ ਨਾਗਰਿਕ ਗੰਨ ਕਲਚਰ ਨੂੰ ਪ੍ਰਮੋਟ ਕਰਦਾ ਨਜ਼ਰ ਆਇਆ, ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਖੈਰ ਹੁਣ ਦੇਖਣਾ ਇਹ ਹੈ ਕਿ ਜੈਜ਼ੀ ਬੀ ਦੇ ਇਸ ਵੀਡੀਓ ‘ਤੇ ਪੰਜਾਬ ਸਰਕਾਰ ਕੀ ਕਦਮ ਚੁੱਕਦੀ ਹੈ। ਪੰਜਾਬ ‘ਚ ਗੰਨ ਕਲਚਰ ਪ੍ਰਮੋਟ ਕਰਨ ਵਾਲੇ ਗਾਇਕਾਂ ‘ਤੇ ਸਰਕਾਰ ਨੇ ਸਖਤ ਰੁਖ ਅਖਤਿਆਰ ਕਰ ਲਿਆ ਹੈ। ਇਸੇ ਤਹਿਤ ਕਈ ਪੰਜਾਬੀ ਸਿੰਗਰਾਂ ਨੂੰ ਚੇਤਾਵਨੀ ਮਿਲ ਚੁੱਕੀ ਹੈ। ਹਾਲ ਹੀ ‘ਚ ਗਾਇਕ ਹਿੰਮਤ ਸੰਧੂ ਨੂੰ ਵੀ ਆਪਣੇ ਗੀਤ ਦੀ ਤਰੀਕ ਮੁਲਤਵੀ ਕਰਨੀ ਪਈ ਸੀ।