ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਗਾਇਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਭੜਕਾਊ, ਨਸ਼ਿਆਂ ਜਾਂ ਹਥਿਆਰਾਂ ਨੂੰ ਬੜ੍ਹਾਵਾ ਦੇਣ ਵਾਲੇ ਗਾਣੇ ਗਾਉਣ ਤੋਂ ਗੁਰੇਜ਼ ਕਰਨ। ਪੰਜਾਬੀਆਂ ਕੋਲ ਫੁੱਲਾਂ, ਫੁਲਕਾਰੀਆਂ, ਚਰਖਿਆਂ, ਹੀਰ-ਰਾਂਝੇ ਦੇ ਗੀਤ ਨੇ, ਇਸ ਲਈ ਸਾਨੂੰ ਭੜਕਾਊ ਗੀਤਾਂ ਦੀ ਕੋਈ ਲੋੜ ਨਹੀਂ ਹੈ। ਸਭਿਆਚਾਰ ਨੂੰ ਸਮਾਜ ਦਾ ਸ਼ੀਸ਼ਾ ਦਸਦਿਆਂ ਮਾਨ ਨੇ ਕਿਹਾ ਕਿ ਸ਼ੀਸ਼ੇ ਨੂੰ ਕਦੀ ਝੂਠ ਨਹੀਂ ਬੋਲਣਾ ਚਾਹੀਦਾ।
ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਭਾਈਚਾਰਾ ਕਾਇਮ ਹੈ ਅਤੇ ਸਾਡੀ ਇਕਜੁੱਟਤਾ ਵਿਚ ਕੋਈ ਤਰੇੜ ਨਹੀਂ ਪਾ ਸਕਦਾ। ਬੀਤੇ ਕੁੱਝ ਦਿਨਾਂ ਤੋਂ ਪੰਜਾਬ ‘ਚ ਵਾਪਰਿਆਂ ਘਟਨਾਵਾਂ ਕਾਰਨ ਸਰਕਾਰ ਵੱਲੋਂ ਅਹਿਿਤਆਤਨ ਕੁੱਝ ਫ਼ੈਸਲੇ ਲਏ ਗਏ ਹਨ। ਇਸ ਤਹਿਤ ਪੁਰਾਣੇ ਹਥਿਆਰਾਂ ਦੇ ਲਾਇਸੰਸਾਂ ਦੀ ਜਾਂਚ ਕੀਤੀ ਜਾਵੇਗੀ ਤੇ ਇਹ ਵੀ ਵੇਖਿਆ ਜਾਵੇਗਾ ਕਿ ਇਹ ਕਿਸ ਦੇ ਕਹਿਣ ‘ਤੇ ਬਣਾਏ ਗਏ ਹਨ। ਜੇਕਰ ਕਿਸੇ ਦਾ ਕੋਈ ਅਪਰਾਧਿਕ ਪਿਛੋਕੜ ਹੈ ਤਾਂ ਉਸ ਦਾ ਲਾਇਸੰਸ ਰੱਦ ਕੀਤਾ ਜਾਵੇਗਾ।
ਲੋਕਾਂ ਨੂੰ ਅਪੀਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਕੋਲ ਖੁਸ਼ੀਆਂ ਮਨਾਉਣ ਦੇ ਕਈ ਤਰੀਕੇ ਹਨ। ਇਸ ਲਈ ਵਿਆਹ ਸ਼ਾਦੀਆਂ ਵਿਚ ਗੋਲੀਆਂ ਨਾ ਚਲਾਓ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਕਾਰਨ ਬੀਤੇ ਸਮੇਂ ਵਿਚ ਕਈ ਹਾਦਸੇ ਵਾਪਰ ਚੁੱਕੇ ਹਨ। ਇਸ ਲਈ ਲੋਕਾਂ ਦੇ ਵਿਚ ਗੋਲੀਆਂ ਚਲਾਉਣ ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਤੋਂ ਵਰਜਿਆ ਗਿਆ ਹੈ।