ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿਚ ਪੁਲਿਸ ਲਗਾਤਾਰ ਜਾਂਚ ਦੇ ਵਿਚ ਲੱਗੀ ਹੋਈ ਹੈ। ਇਸੇ ਦੌਰਾਨ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਮਾਨਸਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਹੈ, ਜਿਸ ‘ਚ ਦੀਪਕ ਮੁੰਡੀ, ਰਜਿੰਦਰ ਜੋਕਰ, ਕਪਿਲ ਪੰਡਿਤ, ਬਿੱਟੂ, ਮਨਪ੍ਰੀਤ ਤੂਫ਼ਾਨ, ਮਨੀ ਰਈਆ ਅਤੇ ਜਗਤਾਰ ਸਿੰਘ ਮੂਸਾ ਦਾ ਨਾਂ ਸ਼ਾਮਲ ਹੈ ਅਤੇ ਇਨ੍ਹਾਂ 7 ਖ਼ਿਲਾਫ਼ ਪੁਲਸ ਨੇ ਚਲਾਨ ਪੇਸ਼ ਕੀਤਾ ਹੈ। ਦੱਸ ਦੇਈਏ ਕਿ ਮੂਸੇਵਾਲਾ ਕਤਲ ਕਾਂਡ ‘ਚ ਹੁਣ ਤੱਕ 31 ਵਿਅਕਤੀਆਂ ਖ਼ਿਲਾਫ਼ ਚਲਾਨ ਪੇਸ਼ ਕੀਤਾ ਜਾ ਚੁੱਕਿਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਖਾਸਮ-ਖਾਮ ਦੀਪਕ ਟੀਨੂੰ ਦੇ ਪੁਲਸ ਹਿਰਾਸਤ ‘ਚੋਂ ਫ਼ਰਾਰ ਹੋਣ ਦਾ ਮਾਮਲੇ ‘ਚ ਮਾਨਸਾ ਪੁਲਸ ਵੱਲੋਂ ਬਰਖ਼ਾਸਤ ਕੀਤੇ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਪ੍ਰੀਤਪਾਲ ਸਿੰਘ ਸਮੇਤ 11 ਵਿਅਕਤੀਆਂ ਖ਼ਿਲਾਫ਼ ਵੀ ਮਾਨਸਾ ਅਦਾਲਤ ‘ਚ ਚਲਾਨ ਪੇਸ਼ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਮਾਨਸਾ ਅਦਾਲਤ ਨੇ ਦੀਪਕ ਟੀਨੂੰ ਫ਼ਰਾਰ ਮਾਮਲੇ ‘ਚ 10 ਵਿਅਕਤੀਆਂ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮਾਨਸਾ ਪੁਲਸ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਕਾਫ਼ੀ ਗੰਭੀਰ ਨਜ਼ਰ ਆ ਰਹੀ ਹੈ। ਬੀਤੇ ਦਿਨੀਂ ਵਿਦੇਸ਼ੋਂ ਪਰਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਮਾਨਸਾ ਪੁਲਸ ਵੱਲੋਂ ਸੰਮਨ ਦਿੱਤੇ ਗਏ ਸਨ ਤੇ ਇਸ ਤੋਂ ਪਹਿਲਾਂ ਸੰਗਤ ਜਗਤ ਦੇ ਕਈ ਕਲਾਕਾਰਾਂ ਨੂੰ ਵੀ ਪੁੱਛਗਿੱਛ ਲਈ ਮਾਨਸਾ ਥਾਣੇ ਬੁਲਾਇਆ ਸੀ। ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ’ਚ ਪੰਜਾਬ ਸਰਕਾਰ ਇਸ ਕਤਲ ਦੇ ਮਾਸਟਰਮਾਈਡ ਗੈਂਗਸਟਰ ਗੋਲਡੀ ਬਰਾੜ ਨੂੰ ਕਦੋਂ ਪੰਜਾਬ ਫੜ ਕੇ ਲਿਆਉਣ ’ਚ ਕਾਮਯਾਬ ਹੁੰਦੀ ਹੈ ਜਾਂ ਮੁੜ ਪੁਲਿਸ ਤੇ ਸਰਕਾਰ ਦੇ ਹੱਥ ਖਾਲ੍ਹੀ ਰਹਿ ਜਾਂਦੇ ਹਨ।