ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਅੱਜ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਲੁਧਿਆਣਾ ਸ਼ਹਿਰ ਦੇ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਦੌਰਾਨ ਪ੍ਰਸਿੱਧ ਅਦਾਕਾਰਾਂ, ਗਾਇਕਾਂ ਸਮੇਤ ਕਈ ਸਿਆਸੀ ਆਗੂ ਵੀ ਪੁੱਜੇ।
ਇਸ ਤੋਂ ਪਹਿਲਾਂ ਉਨ੍ਹਾਂ ਦੀ ਅੰਤਿਮ ਯਾਤਰਾ ਦੁਪਹਿਰ 1:30 ਵਜੇ ਘਰ ਤੋਂ ਸ਼ੁਰੂ ਹੋਈ। ਉਨ੍ਹਾਂ ਦੀ ਦੇਹ ਨੂੰ ਫੁੱਲਾਂ ਨਾਲ ਸਜੀ ਗੱਡੀ ਵਿੱਚ ਲਿਜਾਇਆ ਗਿਆ। ਟਰੱਕ ਦੇ ਅੱਗੇ ਗਾਇਕ ਦੀ ਤਸਵੀਰ ਵੀ ਚਿਪਕਾਈ ਗਈ ਸੀ। ਕਰੀਬ 5 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਅੰਤਿਮ ਯਾਤਰਾ ਸ਼ਮਸ਼ਾਨਘਾਟ ਪੁੱਜੀ। ਗਾਇਕ ਨੂੰ ਸ਼ਰਧਾਂਜਲੀ ਦੇਣ ਲਈ ਵੱਡੀਆਂ ਹਸਤੀਆਂ ਪਹੁੰਚੀਆਂ। ਇਸ ਵਿੱਚ ਪੰਜਾਬੀ ਲੋਕ ਗਾਇਕ ਮੁਹੰਮਦ ਸਦੀਕ, ਗਾਇਕ ਫਿਰੋਜ਼ ਖਾਨ, ਅਦਾਕਾਰ ਹੌਬੀ ਧਾਲੀਵਾਲ, ਸਤਵਿੰਦਰ ਬੁੱਗਾ, ਗੁੱਗੂ ਗਿੱਲ ਅਤੇ ਵਿਧਾਇਕ ਗੁਰਪ੍ਰੀਤ ਗੋਗੀ, ਗਾਇਕ ਪੰਮੀ ਬਾਈ ਆਦਿ ਸ਼ਾਮਲ ਸਨ। ਇਸ ਦੇ ਨਾਲ ਹੀ ਉਨ੍ਹਾਂ ਦੇ ਸਮਰਥਕਾਂ ਨੇ ਵੱਡੀ ਗਿਣਤੀ ‘ਚ ਅੰਤਿਮ ਯਾਤਰਾ ‘ਚ ਸ਼ਿਰਕਤ ਕੀਤੀ।
ਪੰਜਾਬੀ ਫਿਲਮ ਇੰਡਸਟਰੀ ਦੇ ਇਸ ਮਹਾਨ ਕਲਾਕਾਰ ਦੇ ਦੇਹਾਂਤ ਤੋਂ ਬਾਅਦ ਬੁੱਧਵਾਰ ਤੋਂ ਹੀ ਉਨ੍ਹਾਂ ਦੇ ਘਰ ਸੋਗ ਦੀ ਲਹਿਰ ਦੌੜ ਗਈ ਹੈ। ਸਮਾਜਿਕ, ਰਾਜਨੀਤਕ, ਧਾਰਮਿਕ ਅਤੇ ਫਿਲਮੀ ਸਿਤਾਰਿਆਂ ਨੇ ਲੁਧਿਆਣਾ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸੁਰਿੰਦਰ ਛਿੰਦਾ ਦੀ 26 ਜੁਲਾਈ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਮੌਤ ਹੋ ਗਈ ਸੀ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਇਕ ਨਿੱਜੀ ਹਸਪਤਾਲ ‘ਚ ਫੂਡ ਪਾਈਪ ਦਾ ਆਪਰੇਸ਼ਨ ਕਰਵਾਇਆ ਸੀ, ਜਿਸ ਤੋਂ ਬਾਅਦ ਸਰੀਰ ‘ਚ ਇਨਫੈਕਸ਼ਨ ਵਧ ਗਈ ਸੀ। ਉਹਨਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ।
ਛਿੰਦਾ ਲੁਧਿਆਣਾ ਦੇ ਦੀਪ ਹਸਪਤਾਲ ‘ਚ ਵੀ ਕਈ ਦਿਨਾਂ ਤੋਂ ਵੈਂਟੀਲੇਟਰ ‘ਤੇ ਰਹੇ। ਇਸ ਤੋਂ ਬਾਅਦ ਹਾਲਤ ਵਿਗੜਨ ਕਾਰਨ ਡੀ.ਐਮ.ਸੀ. ਡੀਐਮਸੀ ਵਿੱਚ ਵੀ ਕਈ ਦਿਨ ਉਹਨਾਂ ਦਾ ਇਲਾਜ ਚੱਲਿਆ ਪਰ ਆਖਰ 26 ਜੁਲਾਈ ਨੂੰ ਛਿੰਦਾ ਜ਼ਿੰਦਗੀ ਦੀ ਜੰਗ ਹਾਰ ਗਏ। ਜ਼ਿਕਰਯੋਗ ਹੈ ਕਿ ਛਿੰਦਾ ਆਪਣੇ ਪਿੱਛੇ ਪਤਨੀ ਜੋਗਿੰਦਰ ਕੌਰ ਅਤੇ ਪੁੱਤਰ ਮਨਿੰਦਰ ਛਿੰਦਾ, ਸਿਮਰਨ ਛਿੰਦਾ ਅਤੇ ਦੋ ਧੀਆਂ ਛੱਡ ਗਏ ਹਨ।