ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਏ ਕਤਲ ਮਾਮਲੇ ਦੇ ਵਿਚ ਨਵਾਂ ਮੋੜ ਸਾਹਮਣੇ ਆ ਗਿਆ ਹੈ। ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਸ ਕਤਲ ਦੀ ਸਾਰੀ ਗੁੱਥੀ ਸੁਲਝਾ ਲਈ ਹੈ। ਦਸ ਦਈਏ ਕਿ ਪੁਲਿਸ ਨੇ ਇਸ ਕਤਲਕਾਂਡ ਦੇ ਵਿਚ ਚਾਰ ਦੋਸ਼ੀ ਗ੍ਰਿਫਤਾਰ ਕਰ ਲਏ ਹਨ ਅਤੇ ਵਾਰਦਾਤ ਵਿਚ ਵਰਤਿਆ ਗਿਆ ਚਾਕੂ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਸ੍ਰੀ ਵਰੁਣ ਧਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਹਾਲਾਂਕਿ, ਪੁਲਿਸ ਨੇ ਕਤਲ ਦੇ ਕਾਰਨਾਂ ਦਾ ਨਹੀਂ ਦੱਸਿਆ ਪਰ ਇਹ ਕਿਹਾ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਨਵਜੋਤ ਸਿੰਘ ਦਾ ਦੋਸਤ ਗੁਰਵਿੰਦਰ ਸਿੰਘ ਜੋ ਇਸ ਵਾਰਦਾਤ ਵਿਚ ਜ਼ਖਮੀ ਹੋਇਆ ਸੀ, ਉਹ ਮੁਲਜ਼ਮ ਮੋਹਿਤ ਕੰਬੋਜ ਸਣੇ ਚਾਰ ਸਾਥੀਆਂ ਨਾਲ ਯੂਨੀਵਰਸਿਟੀ ਦੇ ਕੋਲ ਹੀ ਇਕ ਕੋਠੀ ਵਿਚ ਕਿਰਾਏ ’ਤੇ ਰਹਿੰਦੇ ਸਨ। ਕੋਠੀ ਦੇ ਬਿਜਲੀ ਦੇ ਬਿੱਲ ਨੂੰ ਲੈ ਕੇ ਗੁਰਵਿੰਦਰ ਦਾ ਮੁਲਜ਼ਮ ਮੋਹਿਤ ਨਾਲ ਪਹਿਲਾਂ ਵੀ ਝਗੜਾ ਹੋਇਆ ਸੀ।
ਇਸ ਦਰਮਿਆਨ 27 ਤਾਰੀਖ਼ ਨੂੰ ਮੋਹਿਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਨ੍ਹਾਂ ਦੋਵਾਂ ਗੁਰਵਿੰਦਰ ਸਿੰਘ ਅਤੇ ਨਵਜੋਤ ਸਿੱਘ ’ਤੇ ਹਮਲਾ ਕਰ ਦਿੱਤਾ, ਜਿਸ ਵਿਚ ਨਵਜੋਤ ਸਿੰਘ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਗੁਰਵਿੰਦਰ ਸਿੰਘ ਜ਼ਖ਼ਮੀ ਹੋ ਗਿਆ ਸੀ। ਹੁਣ ਪੁਲਿਸ ਨੇ ਮੁਲਜ਼ਮਾਂ ਨੂੰ ਵਾਰਦਾਤ ਵਿਚ ਵਰਤੇ ਗਏ ਹਥਿਆਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।