ਪੰਜਾਬ ਕਾਂਗਰਸ ‘ਚ ਇਕ ਵਾਰ ਮੁੜ ਅੰਦੂਰਨੀ ਕਲੇਸ਼ ਦੇ ਆਸਾਰ ਹੁੰਦੇ ਹੋਏ ਵਿਖਾਈ ਦੇ ਰਹੇ ਹਨ। ਇਸ ਦੀ ਝਲਕ ਉਦੋਂ ਵੇਖਣ ਨੂੰ ਮਿਲਦੀ ਹੈ ਜਦੋਂ ਕਾਂਗਰਸ ਛੱਡਕੇ ਭਾਜਪਾ ‘ਚ ਗਏ ਸੁਨੀਲ ਜਾਖੜ ਬਾਰੇ ਬਿਆਨਬਾਜ਼ੀ ਕਰਨ ਤੋਂ ਬਾਅਦ ਜਾਖੜ ਦੇ ਭਤੀਜੇ ਅਤੇ ਕਾਂਗਰਸੀ ਆਗੂ ਸੰਦੀਪ ਜਾਖੜ ਰਾਜਾ ਵੜਿੰਗ ਦੇ ਖਿਲਾਫ਼ ਡੱਟ ਗਏ।
ਦਰਅਸਲ, ਪਿਛਲੇ ਦਿਨੀਂ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਤੇ ਟਵੀਟ ਕਰਦਿਆਂ ਵੀ ਸੁਨੀਲ ਜਾਖੜ ਨੂੰ ਸਵਾਲ ਕੀਤਾ ਸੀ ਕਿ ਅਸਲੀ ਚੌਧਰੀ ਸੁਨੀਲ ਜਾਖੜ ਜੀ, ਉਨ੍ਹਾਂ ਮਹਿਲਾ ਪਹਿਲਵਾਨਾਂ ਲਈ ਖੜ੍ਹੇ ਹੋਵੋ ਜਿਨ੍ਹਾਂ ਨੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਜਿਸ ਨਾਲ ਤੁਸੀਂ ਸਾਡੇ ਵਿਰੁੱਧ ਆਪਣੀ ਨਿਰਾਸ਼ਾ ਨੂੰ ਬਾਹਰ ਕੱਢਿਆ ਹੈ। ਇਹ ਤੁਹਾਨੂੰ ਹੋਰ ਚੰਗਾ ਕਰੇਗਾ, ਉਨ੍ਹਾਂ ਕਿਹਾ ਸੀ ਕਿ ਜਦੋਂ ਤੁਸੀਂ ਕਾਂਗਰਸ ‘ਚ ਸੀ ਤਾਂ ਤੁਸੀ ਪਾਰਟੀ ‘ਚ ਰਹਿਕੇ ਪਾਰਟੀ ਦੇ ਖਿਲਾਫ ਬੋਲਦੇ ਸੀ ਹੁਣ ਬੀਜੇਪੀ ‘ਚ ਰਹਿ ਕੇ ਕਿਉਂ ਪੁੱਛ ਹੋ? ਨਾਲ ਹੀ ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਤੁਸੀਂ ਅੰਦਰੋਂ ਘੁਟਣ ਮਹਿਸੂਸ ਨਹੀਂ ਕਰੋਗੇ।
ਇਸ ਤੋਂ ਬਾਅਦ ਅਬੋਹਰ ਤੋਂ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਨੇ ਕਾਂਗਰਸ ਪਾਰਟੀ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਦੇ ਟਵੀਟ ਦਾ ਰੀਟਵੀਟ ਕਰਕੇ ਜੁਆਬ ਦਿੰਦਿਆਂ ਰਾਜਾ ਵੜਿੰਗ ‘ਤੇ ਵੱਡੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਘੱਟ ਤੋਂ ਘੱਟ ਸੁਨੀਲ ਜਾਖੜ ਅਸਲੀ ਚੌਧਰੀ ਹਨ ਪਰ ਮੈਂ ਸੁਣਿਆ ਕਿ ਕੁਝ ਫਾਇਲਾਂ ਬਾਰੇ ਸੀਐਮ ਨਾਲ ਸਮਝੌਤਾ ਹੋਇਆ ਹੈ। ਅਸਿੱਧੇ ਤੌਰ ‘ਤੇ ਸੰਦੀਪ ਜਾਖੜ ਨੇ ਰਾਜਾ ਵੜਿੰਗ ‘ਤੇ ਮਾਨ ਸਰਕਾਰ ਵਿਚਕਾਰ ਹੋਏ ਅੰਦਰੂਨੀ ਸਮਝੌਤੇ ਦਾ ਇਲਜ਼ਾਮ ਲਗਾਇਆ ਹੈ।
ਕਾਂਗਰਸੀ ਵਿਧਾਇਕ ਦੇ ਆਪਣੇ ਹੀ ਪਾਰਟੀ ਪ੍ਰਧਾਨ ‘ਤੇ ਲਗਾਏ ਗਏ ਇਲਜ਼ਾਮਾਂ ਨੇ ਇਕ ਵਾਰ ਫਿਰ ਕਾਂਗਰਸ ‘ਚ ਅੰਦਰੂਨੀ ਸਿਆਸੀ ਜੰਗ ਛੇੜ ਦਿੱਤੀ ਹੈ। ਹੁਣ ਵੇਖਣਾ ਹੋਵੇਗਾ ਕਿ ਰਾਜਾ ਵੜਿੰਗ ਇਸ ਲੱਗੇ ਇਨ੍ਹਾਂ ਇਲਜ਼ਾਮਾਂ ‘ਤੇ ਆਪਣੀ ਕੀ ਪ੍ਰਤੀਕਿਰਿਆ ਦਿੰਦੇ ਹਨ।