26 ਜਨਵਰੀ ਨੂੰ ਪੰਜਾਬ ਪ੍ਰੇਦਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹੋਣ ਵਾਲੀ ਰਿਹਾਈ ’ਤੇ ਸਭ ਦੀਆਂ ਨਜ਼ਰਾ ਟਿਕੀਆਂ ਹੋਈਆਂ ਹਨ ਅਤੇ ਹੁਣ ਗਣਤੰਤਰ ਦਿਹਾੜੇ ਮੌਕੇ ਸਿੱਧੂ ਦੀ ਰਿਹਾਈ ’ਤੇ ਮੋਹਰ ਲੱਗ ਚੁੱਕੀ ਹੈ। ਦਸ ਦਈਏ ਕਿ 26 ਜਨਵਰੀ ਨੂੰ ਕਰੀਬ 12.15 ਵਜੇ ਪਟਿਆਲਾ ਜੇਲ੍ਹ ’ਚੋਂ ਰਿਹਾਅ ਹੋ ਰਹੇ ਹਨ। ਇਸ ਦਾ ਦਾਅਵਾ ਨਵਜੋਤ ਸਿੱਧੂ ਦੇ ਕਰੀਬੀ ਅਤੇ ਸਿਟੀ ਕਾਂਗਰਸ ਪਟਿਆਲਾ ਦੇ ਸਾਬਕਾ ਪ੍ਰਧਾਨ ਨਰਿੰਦਰ ਲਾਲੀ ਨੇ ਕੀਤਾ। ਉਨ੍ਹਾਂ ਆਖਿਆ ਕਿ ਨਵਜੋਤ ਸਿੱਧੂ ਦੇ ਸਵਾਗਤ ਲਈ ਕਾਂਗਰਸ ਨੇ ਵੀ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਨਰਿੰਦਰ ਲਾਲੀ ਨੇ ਸਿੱਧੂ ਦੇ ਸਵਾਗਤ ਦੀਆਂ ਤਿਆਰੀਆਂ ਦੀ ਕਮਾਂਡ ਸੰਭਾਲੀ ਹੋਈ ਹੈ। ਲਾਲੀ ਦੇ ਗ੍ਰਹਿ ਵਿਖੇ ਹੀ ਸੀਨੀਅਰ ਕਾਂਗਰਸੀ ਨੇਤਾਵਾਂ ਦੀ ਮੀਟਿੰਗ ਹੋਈ ਹੈ। ਇਸ ਦੌਰਾਨ ਦੱਸਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਰਿਹਾਅ ਹੋਣ ਤੋਂ ਬਾਅਦ ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਸਾਹਿਬ ਮੱਥਾ ਟੇਕਣਗੇ। ਖੰਡਾ ਚੌਂਕ ਰਾਹੀਂ ਹੁੰਦੇ ਹੋਏ ਵਾਇਆ ਲੀਲਾ ਭਵਨ ਬਾਰਾਂਦਰੀ ਨੇੜੇ ਸਥਿਤ ਆਪਣੀ ਰਿਹਾਇਸ਼ ’ਤੇ ਪੁੱਜਣਗੇ। ਨਰਿੰਦਰ ਲਾਲੀ ਨੇ ਗੱਲਬਾਤ ਕਰਦਿਆਂ ਆਖਿਆ ਕਿ ਨਵਜੋਤ ਸਿੱਧੂ ਦਾ ਥਾਂ-ਥਾਂ ’ਤੇ ਫੁੱਲਾਂ ਦੀ ਬਰਸਾਤ ਕਰ ਕੇ ਸਵਾਗਤ ਕੀਤਾ ਜਾਵੇਗਾ। ਇਸ ਸਬੰਧੀ ਕਾਂਗਰਸੀ ਨੇਤਾ ਪੱਬਾਂ-ਭਾਰ ਹੋਏ ਪਏ ਹਨ। 26 ਜਨਵਰੀ ਨੂੰ 11 ਵਜੇ ਲੀਲਾ ਭਵਨ ਚੌਂਕ ਵਿਖੇ ਇਕ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ਇਕ ਵੱਡੇ ਜਲੂਸ ਦੀ ਸ਼ਕਲ ’ਚ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਲਿਜਾਇਆ ਜਾਵੇਗਾ।
ਨਵਜੋਤ ਸਿੰਘ ਸਿੱਧੂ ਦੁਪਹਿਰ ਸਮੇਂ ਆਪਣੀ ਰਿਹਾਇਸ਼ ’ਤੇ ਬਕਾਇਦਾ ਪ੍ਰੈੱਸ ਕਾਨਫਰੰਸ ਵੀ ਕਰਨਗੇ। ਇਸ ਸਬੰਧੀ ਵੀ ਤਿਆਰੀਆਂ ਆਰੰਭ ਕਰ ਲਈਆਂ ਗਈਆਂ ਹਨ। ਨਵਜੋਤ ਸਿੱਧੂ ਬਕਾਇਦਾ ਤੌਰ ’ਤੇ ਪੰਜਾਬ ਲਈ ਉਹ ਕੀ ਕਰਨਗੇ, ਕਿਸ ਤਰ੍ਹਾਂ ਦੀ ਪਲਾਨਿੰਗ ਨਾਲ ਮੁੜ ਪੰਜਾਬ ਦੀ ਰਾਜਸੀ ਪੀੜ ’ਚ ਉਤਰਨਗੇ, ਇਹ ਸਭ ਉਹ ਲੋਕਾਂ ਨਾਲ ਸਾਂਝਾ ਕਰਨਗੇ।ਗਣਤੰਤਰ ਦਿਹਾੜੇ ’ਤੇ ਪੰਜਾਬ ਸਰਕਾਰ ਨੇ ਲਗਭਗ 52 ਕੈਦੀਆਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਚੰਗੇ ਆਚਰਣ ਸਦਕਾ ਰਿਹਾਅ ਕੀਤਾ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਦਾ ਨਾਂ ਵੀ ਇਸ ਸੂਚੀ ’ਚ ਸ਼ਾਮਲ ਹੈ। ਸਿੱਧੂ ਜਿਸ ਦਿਨ ਤੋਂ ਜੇਲ੍ਹ ਅੰਦਰ ਗਏ ਹਨ, ਉਨ੍ਹਾਂ ਨੇ ਕੋਈ ਵੀ ਛੁੱਟੀ ਵੀ ਨਹੀਂ ਲਈ। ਇਸ ਲਈ ਸਰਕਾਰ ਉਨ੍ਹਾਂ ਨੂੰ ਰਿਹਾਅ ਕਰਨ ਲਈ ਤਿਆਰ ਹੈ।