ਜਲੰਧਰ ਲੋਕ ਸਭਾ ਜ਼ਿਮਣੀ ਚੋਣ ਨੂੰ ਲੈਕੇ ਚੋਣ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਭਖਿਆ ਹੋਇਆ ਹੈ। ਜਿਥੇ ਬੀਤੇ ਕੱਲ੍ਹ ਮੁੱਖ ਮੰਤਰੀ ਮਾਨ ਨੇ ਚੋਣ ਪ੍ਰਚਾਰ ਦੌਰਾਨ ਆਪਣੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਉਥੇ ਹੀ ਦੂਜੇ ਪਾਸੇ ਇਸ ਜ਼ਿਮਣੀ ਚੋਣ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਵਲੋਂ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਬੁਲਾਈ ਗਈ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਇਸ ਮੀਟਿੰਗ ਵਿਚ ਕਈ ਅਹਿਮ ਮੁੱਦਿਆ ‘ਤੇ ਚਰਚਾ ਹੋਵੇਗੀ ਅਤੇ ਕਈ ਮੁੱਦਿਆਂ ‘ਤੇ ਮੋਹਰ ਵੀ ਲੱਗ ਸਕਦੀ ਹੈ।
ਪਰ ਦਿਲਚਸਪ ਗੱਲ ਇਥੇ ਇਹ ਹੈ ਕਿ ਜੋ ਮੰਤਰੀ ਮੰਡਲ ਦੀ ਮੀਟਿੰਗ ਪਹਿਲਾਂ ਚੰਡੀਗੜ੍ਹ ਦੇ ਸਿਵਲ ਸਕੱਤਰੇਤ ਵਿਖੇ ਹੋਣੀ ਸੀ ਉਹੀ ਕੈਬਨਿਟ ਮੀਟਿੰਗ ਹੁਣ ਲੁਧਿਆਣਾ ਦੇ ਸਰਕਟ ਹਾਊਸ ‘ਚ ਰੱਖੀ ਗਈ ਹੈ। ਇਸ ਦੇ ਮੱਦੇਨਜ਼ਰ ਬੀਤੀ ਰਾਤ ਤੋਂ ਹੀ ਸਰਕਟ ਹਾਊਸ ਦੇ ਨੇੜੇ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਸਰਕਟ ਹਾਊਸ ‘ਚ ਆਉਣ-ਜਾਣ ਵਾਲਿਆਂ ਦੀ ਡੂੰਘਾਈ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੀਤੀ ਦੇਰ ਸ਼ਾਮ ਵਿਧਾਇਕਾਂ ਨੂੰ ਲੁਧਿਆਣਾ ‘ਚ ਹੋਣ ਜਾ ਰਹੀ ਕੈਬਨਿਟ ਮੀਟਿੰਗ ਬਾਰੇ ਦੱਸਿਆ ਗਿਆ ਹੈ। ਕੁੱਝ ਵਿਧਾਇਕ ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਰੁੱਝੇ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਬੈਠਕ ‘ਚ ਪੁੱਜਣ ਲਈ ਕਿਹਾ ਗਿਆ ਹੈ।
ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਪਹਿਲੀ ਵਾਰ ਲੁਧਿਆਣਾ ‘ਚ ਕੈਬਨਿਟ ਮੀਟਿੰਗ ਕਰਨ ਜਾ ਰਹੇ ਹਨ। ਇਹ ਵੀ ਚਰਚਾ ਹੈ ਕਿ ਮੁੱਖ ਮੰਤਰੀ ਕਾਰੋਬਾਰੀਆਂ ਦੇ ਹਿੱਤ ‘ਚ ਕੋਈ ਵੱਡਾ ਫ਼ੈਸਲਾ ਲੈ ਸਕਦੇ ਹਨ। ਸ਼ਾਇਦ ਇਸ ਲਈ ਹੀ ਲੁਧਿਆਣਾ ਵਰਗੇ ਵੱਡੇ ਸ਼ਹਿਰ ਨੂੰ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਇਹ ਮੀਟਿੰਗ 27 ਅਪ੍ਰੈਲ ਨੂੰ ਚੰਡੀਗੜ੍ਹ ‘ਚ ਹੋਣੀ ਸੀ ਪਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ 27 ਅਪ੍ਰੈਲ ਨੂੰ ਅੰਤਿਮ ਸੰਸਕਾਰ ਹੋਣ ਦੇ ਕਾਰਨ ਇਸ ਨੂੰ ਸ਼ੁੱਕਰਵਾਰ ਸਵੇਰੇ 10.30 ਵਜੇ ਚੰਡੀਗੜ੍ਹ ‘ਚ ਹੀ ਨਿਰਧਾਰਿਤ ਕੀਤਾ ਗਿਆ ਸੀ ਪਰ ਬੀਤੀ ਦੇਰ ਸ਼ਾਮ ਮੀਟਿੰਗ ਦੇ ਲੁਧਿਆਣਾ ‘ਚ ਹੁਣ ਦੇ ਹੁਕਮ ਪ੍ਰਸ਼ਾਸਨ ਨੂੰ ਮਿਲ ਗਏ।