ਪੰਜਾਬ ਭਰ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਮੋਬਾਇਲ ਇੰਟਰਨੈੱਟ ਸੇਵਾਵਾਂ ਕੱਲ੍ਹ 12 ਵਜੇ ਤੱਕ ਮੁਕੰਮਲ ਤੌਰ ‘ਤੇ ਬੰਦ ਰਹਿਣਗੀਆਂ। ਯੂਜ਼ਰਸ ਨੂੰ ਬਕਾਇਦਾ ਮੈਸੇਜ ਭੇਜ ਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਮੈਸੇਜ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਦਰਅਸਲ ਪੰਜਾਬ ਪੁਲਸ ਵਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਜਿਸ ਤਹਿਤ ਪੁਲਸ ਵਲੋਂ ਅੰਮ੍ਰਿਤਪਾਲ ਸਿੰਘ ਦੇ ਛੇ ਸਾਥੀਆਂ ਨੂੰ ਜਲੰਧਰ ਦੇ ਸ਼ਾਹਕੋਟ ਵਿਚ ਹਿਰਾਸਤ ’ਚ ਲੈ ਲਿਆ ਹੈ ਅਤੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਲਿਹਾਜ਼ਾ ਸੂਬੇ ਦਾ ਮਾਹੌਲ ਖਰਾਬ ਨਾ ਹੋਵੇ ਇਸ ਲਈ ਪੰਜਾਬ ਸਰਕਾਰ ਵਲੋਂ ਪੰਜਾਬ ਭਰ ਵਿਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਪੰਜਾਬ ਪੁਲਸ ਵਲੋਂ ਲੋਕਾਂ ਨੂੰ ਸ਼ਾਂਤੀ ਬਣਆਈ ਰੱਖਣ ਦੀ ਅਪੀਲ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਨੂੰ ਜਾ ਰਹੇ ਸਨ। ਇਸ ਦੌਰਾਨ ਪਹਿਲਾਂ ਤੋਂ ਪੂਰੀ ਤਿਆਰੀ ਵਿਚ ਖੜ੍ਹੀ ਪੰਜਾਬ ਪੁਲਸ ਨੇ ਅੰਮ੍ਰਿਤਪਾਲ ਦੇ ਕਾਫਲੇ ਨੂੰ ਘੇਰਾ ਪਾ ਲਿਆ ਅਤੇ ਕੁੱਝ ਗੱਡੀਆਂ ਨੂੰ ਰੁਕਵਾ ਲਿਆ। ਇਸ ਦੌਰਾਨ ਪੁਲਸ ਨੇ ਅੰਮ੍ਰਿਤਪਾਲ ਸਿੰਘ ਦੇ ਛੇ ਸਾਥੀਆਂ ਨੂੰ ਹਿਰਾਸਤ ਵਿਚ ਲੈ ਲਿਆ। ਜਦਕਿ ਅੰਮ੍ਰਿਤਪਾਲ ਸਿੰਘ ਦੀ ਗੱਡੀ ਅੱਗੇ ਨਿਕਲ ਗਈ, ਜਿਸ ਦਾ ਪੁਲਸ ਵਲੋਂ ਪਿੱਛਾ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਕਾਫਲੇ ਨਾਲ ਮੌਜੂਦ ਸਮਰਥਕ ਨੇ ਲਾਈਵ ਹੋ ਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੇ ਉਨ੍ਹਾਂ ਦੇ ਕਾਫਲੇ ਨੂੰ ਘੇਰਾ ਪਾ ਲਿਆ ਸੀ। ਪੁਲਸ ਨੇ ਕੁੱਝ ਸਮਰਥਕਾਂ ਨੂੰ ਹਿਰਾਸਤ ਵਿਚ ਲੈ ਲਿਆਹੈ ਜਦਕਿ ਅੰਮ੍ਰਿਤਪਾਲ ਦੀ ਗੱਡੀ ਅੱਗੇ ਨਿਕਲ ਚੁੱਕੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅੱਠ ਜ਼ਿਲ੍ਹਿਆਂ ਦੀ ਪੁਲਸ ਵਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਫਿਲਹਾਲ ਕੋਈਵੀ ਪੁਲਸ ਅਧਿਕਾਰੀ ਇਸ ਮਾਮਲੇ ’ਤੇ ਕੁੱਝ ਵੀ ਬੋਲਣ ਲਈ ਤਿਆਰ ਨਹੀਂ ਹੈ।