‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ਵਿਚ ਹੈ ਜਾਂ ਨਹੀਂ। ਇਸ ਮਾਮਲੇ ਦੀ ਸੁਣਵਾਈ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਹੋਈ। ਇਸ ਦਰਮਿਆਨ ਕੋਰਟ ਵਿਚ ਪੰਜਾਬ ਪੁਲਿਸ ਦੇ ਆਈਜੀ ਤੋਂ ਹਲਫ਼ਨਾਮਾ ਮੰਗਿਆ ਗਿਆ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਕੀ ਕਾਰਵਾਈ ਕੀਤੀ ਹੈ? ਹਾਈਕੋਰਟ ਨੇ ਅੰਮ੍ਰਿਤਪਾਲ ਦੇ ਵਕੀਲ ਨੂੰ ਕਿਹਾ ਕਿ ਜੇਕਰ ਉਹ ਗ੍ਰਿਫਤਾਰੀ ਦਾ ਕੋਈ ਸਬੂਤ ਲੈ ਕੇ ਆਉਂਦੇ ਹਨ ਤਾਂ ਵਾਰੰਟ ਅਫਸਰ ਨਿਯੁਕਤ ਕੀਤਾ ਜਾਵੇਗਾ।
ਇਸ ਮੌਕੇ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ ਨੇ ਅੰਮ੍ਰਿਤਪਾਲ ਦੇ ਵਕੀਲ ਨੂੰ ਕਿਹਾ ਕਿ ਉਹ ਸਬੂਤ ਦੇਣ ਕਿ ਅੰਮ੍ਰਿਤਪਾਲ ਪੁਲਿਸ ਹਿਰਾਸਤ ਵਿੱਚ ਹੈ। ਅੰਮ੍ਰਿਤਪਾਲ ਦੇ ਵਕੀਲ ਨੇ ਕਿਹਾ ਕਿ ਅਖ਼ਬਾਰਾਂ ਵਿੱਚ ਖ਼ਬਰਾਂ ਆਈਆਂ ਸਨ। ਸੀਸੀਟੀਵੀ ਫੁਟੇਜ ਵੀ ਆਈ ਹੈ। ਇਸ ਮਗਰੋਂ ਹਾਈਕੋਰਟ ਨੇ ਕਿਹਾ ਕਿ ਖ਼ਬਰਾਂ ਦਾ ਮਤਲਬ ਸਬੂਤ ਨਹੀਂ ਹੁੰਦਾ। ਜੇਕਰ ਤੁਹਾਡੇ ਕੋਲ ਫੁਟੇਜ਼ ਹੈ ਤਾਂ ਲਿਆਓ। ਇਸ ਤੋਂ ਬਾਅਦ ਹਾਈਕੋਰਟ ਨੇ ਅੰਮ੍ਰਿਤਪਾਲ ਦੇ ਵਕੀਲ ਨੂੰ ਇਸ ਮਾਮਲੇ ‘ਚ ਹਲਫਨਾਮਾ ਦਾਇਰ ਕਰਨ ਲਈ ਕਿਹਾ ਹੈ। ਦੱਸ ਦਈਏ ਕਿ ਪੰਜਾਬ ਦੇ ਏਜੀ ਨੇ ਹਾਈ ਕੋਰਟ ਵਿੱਚ ਦਾਅਵਾ ਕੀਤਾ ਹੈ ਕਿ ਉਹ ਅੰਮ੍ਰਿਤਪਾਲ ਨੂੰ ਫੜਨ ਦੇ ਨੇੜੇ ਹੀ ਹਨ। ਹੁਣ ਮਾਮਲੇ ਦੀ ਅਗਲੀ ਸੁਣਵਾਈ 29 ਮਾਰਚ ਯਾਨੀ ਕੱਲ੍ਹ ਨੂੰ ਹੋਵੇਗੀ। ਜ਼ਿਕਰ ਕਰ ਦਈਏ ਕਿ ਵਾਰਿਸ ਪੰਜਾਬ ਦੇ’ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਸਾਹਮਣੇ ਆਈਆਂ ਤਾਜ਼ਾ ਤਸਵੀਰਾਂ ਨੇ ਨਵੀਂ ਹਿੱਲਜੁਲ ਪੈਦਾ ਕਰ ਦਿੱਤੀ ਹੈ। ਅੰਮ੍ਰਿਤਪਾਲ ਸਿੰਘ ਦੀਆਂ ਇਹ ਤਸਵੀਰਾਂ ਸਪਸ਼ਟ ਕਰਦੀਆਂ ਨਜ਼ਰ ਆ ਰਹੀਆਂ ਹਨ ਕਿ ਉਹ ਸੁਰੱਖਿਆ ਏਜੰਸੀਆਂ ਤੋਂ ਬੇਪ੍ਰਵਾਹ ਹੋ ਕੇ ਵਿਚਰਦਾ ਰਿਹਾ ਤੇ ਪੁਲਿਸ ਤੋਂ ਇੱਕ ਕਦਮ ਅੱਗੇ ਰਿਹਾ। ਇਹ ਤਸਵੀਰਾਂ ਸਾਹਮਣੇ ਆਉਣ ਮਗਰੋਂ ਸੁਰੱਖਿਆ ਏਜੰਸੀਆਂ ਉੱਪਰ ਵੀ ਸਵਾਲ ਉੱਠਣ ਲੱਗੇ ਹਨ।