ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਹਿਮ ਫ਼ੈਸਲਾ ਲੈਂਦਿਆਂ ਪੈਨਸ਼ਨਰਾਂ ਨੂੰ ਇਕ ਵੱਡਾ ਝਟਕਾ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋ ਚੁੱਕੇ ਪੈਨਸ਼ਨਰਾਂ ਨੂੰ ਹੁਣ ਮਹੀਨਾਵਾਰ ਪੈਨਸ਼ਨ ‘ਤੇ 200 ਰੁਪਏ ਵਿਕਾਸ ਟੈਕਸ ਵਜੋਂ ਅਦਾ ਕਰਨੇ ਪੈਣਗੇ। 22 ਜੂਨ ਯਾਨੀ ਬੀਤੇ ਕੱਲ੍ਹ ਇਸਦਾ ਨੋਟੀਫੀਕੇਸ਼ਨ ਵੀ ਜਾਰੀ ਹੋ ਚੁੱਕਾ ਹੈ ਅਤੇ ਤੁਰੰਤ ਪ੍ਰਭਾਵ ਦੇ ਨਾਲ ਇਸ ਨੂੰ ਲਾਗੂ ਵੀ ਕਰ ਦਿੱੱਤਾ ਗਿਆ ਹੈ। ਇਹ ਫੈਸਲਾ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਲਿਆ ਹੈ ਅਤੇ ਇਹ ਟੈਕਸ ਸਿੱਧੇ ਰਿਟਾਇਰਡ ਮੁਲਾਜ਼ਮਾਂ ਦੀ ਪੈਨਸ਼ਨ ਵਿੱਚੋਂ ਕੱਟੇ ਜਾਣਗੇ ਅਤੇ ਇਸ ਦੀ ਵਸੂਲੀ ਲਈ ਸਰਕਾਰ ਨੂੰ ਕੁਝ ਵੀ ਖਰਚ ਨਹੀਂ ਕਰਨਾ ਪਵੇਗਾ। 200 ਰੁਪਏ ਵਿਕਾਸ ਟੈਕਸ ਵਸੂਲਣ ਨਾਲ ਪੰਜਾਬ ਸਰਕਾਰ ਨੂੰ ਸੂਬੇ ਦੇ ਤਕਰੀਬਨ 3.50 ਲੱਖ ਪੈਨਸ਼ਨਰਾਂ ਤੋਂ ਹਰ ਸਾਲ ਕਰੀਬ 84 ਕਰੋੜ ਰੁਪਏ ਦੀ ਆਮਦਨ ਹੋਵੇਗੀ। ਇੱਕ ਤਰ੍ਹਾਂ ਨਾਲ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਬੋਰਡ-ਕਾਰਪੋਰੇਸ਼ਨਾਂ ਦੇ ਸਾਰੇ ਸੇਵਾਮੁਕਤ ਕਰਮਚਾਰੀ ਇਸ ਟੈਕਸ ਦੇ ਘੇਰੇ ਵਿੱਚ ਆਉਣਗੇ।
ਸਰਕਾਰ ਦੇ ਇਸ ਫੈਸਲੇ ਦਾ ਵਿਰੋਧੀਆਂ ਪਾਰਟੀਆਂ ਵਲੋਂ ਵਿਰੋਧ ਕਰਨ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਸਭ ਤੋਂ ਵੱਧ ਕਾਂਗਰਸੀ ਲੀਡਰਾਂ ਵਲੋਂ ਇਸ ‘ਤੇ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦਿਆਂ ਕਿਹਾ, “ਰਾਜ ਕੋਲ ਹੁਣ ਆਮਦਨ ਨਹੀਂ ਰਹੀ, ਵਿਅਕਤੀਆਂ ਦੁਆਰਾ ਖਜ਼ਾਨਾ ਭਰਿਆ ਜਾ ਰਿਹਾ ਹੈ ਯਾਨੀ ਪੈਂਨਸਨਰਾਂ ਦੁਆਰਾ ਖਜ਼ਾਨਾ ਭਰਿਆ ਜਾ ਰਿਹਾ ਹੈ। ਕਰਜ਼ੇ, ਅਸਿੱਧੇ ਟੈਕਸ ਅਤੇ ਹੁਣ ਸਿੱਧੇ ਟੈਕਸ ਪੰਜਾਬ ਸਰਕਾਰ ਨੇ ਸ਼ੁਰੂ ਕਰ ਦਿੱਤੇ ਹਨ। ਸਪਸ਼ਟ ਤੌਰ ‘ਤੇ ਇਹ ਕਾਰਵਾਈ ਪੰਜਾਬ ਸਰਕਾਰ ਦੀ ਵਿੱਤੀ ਸਥਿਤੀ ਨੂੰ “ਗੰਭੀਰ ਸੰਕਟ” ਵਿੱਚ ਦਰਸਾਉਂਦੀ ਹੈ।” ਨਾਲ ਹੀ ਉਹਨਾਂ ਅੱਗੇ ਕਿਹਾ ਕਿ ਪੰਜਾਬ ਦੇ ਪੈਨਸ਼ਨਰਾਂ ‘ਤੇ 200 ਰੁਪਏ ਦਾ ਵਿਕਾਸ ਟੈਕਸ ਲਗਾਉਣਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜ ਦੇ ਲੋਕਾਂ ‘ਤੇ ਇੱਕ ਹੋਰ ਗੇਟ ਮਨੀ ਹਮਲਾ ਹੈ। ਸੱਤਾ ਹਾਸਲ ਕਰਨ ਤੋਂ ਪਹਿਲਾਂ ਕੀਤੇ ਵਾਅਦੇ ਵੋਟਰਾਂ ‘ਤੇ ਟੈਕਸ ਲਗਾ ਕੇ ਸਰਕਾਰ ਵਲੋਂ ਹੁਣ ਪੂਰੇ ਕੀਤੇ ਜਾ ਰਹੇ ਹਨ ਜਦਕਿ ਮਾਫੀਆ, ਸੱਤਾ ‘ਤੇ ਕਾਬਜ਼ ਲੋਕਾਂ ਨੂੰ ਕਮਿਸ਼ਨ ਦੇ ਕੇ ਮਾਈਨਿੰਗ, ਸ਼ਰਾਬ, ਜ਼ਮੀਨ ਅਤੇ ਟਰਾਂਸਪੋਰਟ ਰਾਹੀਂ ਪੰਜਾਬ ਦੇ ਖਜ਼ਾਨੇ ਦਾ ਮਾਲੀਆ ਕੱਢਣਾ ਜਾਰੀ ਰੱਖ ਰਿਹਾ ਹੈ।
ਇਸ ਤੋਂ ਬਾਅਦ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਮਾਨ ਨੂੰ ਘੇਰਦਿਆਂ ਕਿਹਾ,”ਪੈਟਰੋਲ ਅਤੇ ਡੀਜ਼ਲ ‘ਤੇ ਦੂਜੀ ਵਾਰ ਵੈਟ ਵਧਾਉਣ ਅਤੇ ਬਿਜਲੀ ਦਰਾਂ ਵਧਾਉਣ ਤੋਂ ਬਾਅਦ ਹੁਣ ਪੰਜਾਬ ਦੇ ਕੋਹ-ਏ-ਨੂਰ ਸੀ.ਐੱਮ. ਭਗਵੰਤ ਮਾਨ ਨੇ ਸੂਬੇ ਦੇ ਪੈਨਸ਼ਨਰਾਂ ‘ਤੇ 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਲਗਾਇਆ ਹੈ। AAPPunjab ਰੇਤ ਦੀ ਖੁਦਾਈ ਤੋਂ 20,000 ਕਰੋੜ ਰੁਪਏ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ 34,000 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਵਿੱਚ ਅਸਫਲ ਰਹੀ ਹੈ ਤਾਂ ਸਰਕਾਰ ਹੁਣ ਅਜਿਹੇ ਸਖ਼ਤ ਕਦਮ ਨਾਲ ਮਾਲੀਆ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਸੂਬੇ ਵਿੱਚ ਲੱਖਾਂ ਪੈਨਸ਼ਨਰ ਹਨ, ਜੋ ਇਸ ਨਾਲ ਪ੍ਰਭਾਵਿਤ ਹੋਣਗੇ। ਜ਼ਾਹਰ ਹੈ ਕਿ ‘ਆਪ’ ਕੋਲ ਪੰਜਾਬ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਕੋਈ ਟਿਕਾਊ ਰੋਡਮੈਪ ਨਹੀਂ ਹੈ।