ਲੋਕ ਬੇਫਿਕਰ ਰਹਿਣ, ਪੰਜਾਬ ਪੂਰੀ ਤਰ੍ਹਾਂ ਸੁਰੱਖਿਅਤ ਹੱਥਾਂ ਵਿਚ ਹੈ। ਪੰਜਾਬ ਦੀ ਸ਼ਾਂਤੀ ਨੂੰ ਤੋੜਣ ਦਾ ਸੁਪਨਾ ਲੈਣਾ ਵੀ ਗਲਤਫਹਿਮੀ ਹੋਵੇਗੀ। ਪੰਜਾਬ ‘ਚ ਪਨਪਣ ਵਾਲੀ ਕਿਸੇ ਵੀ ਤਾਕਤ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਇਸ ਸਮੇਂ ਜੋ ਪੰਜਾਬ ਦੇ ਮੌਜੂਦਾ ਹਾਲਾਤ ਚੱਲ ਰਹੇ ਹਨ ਉਸਨੂੰ ਲੈਕੇ ਸੀ.ਐਮ. ਭਗਵੰਤ ਮਾਨ ਅੱਜ ਲਾਈਵ ਹੋਏ ਜਿਸ ਵਿਚ ਉਹਨਾਂ ਕਿਹਾ ਕਿ ਜੇਕਰ ਕੋਈ ਪੰਜਾਬ ‘ਤੇ ਮਾੜੀ ਨਜ਼ਰ ਰੱਖੇਗਾ ਤਾਂ ਪੰਜਾਬ ਵਾਸੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਕੁਝ ਅਜਿਹੇ ਤੱਤ ਸੀ ਜੋ ਵਿਦੇਸ਼ੀ ਤਾਕਤਾਂ ਦੇ ਹੱਥੀਂ ਚੜ੍ਹ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਗੱਲ ਕਰ ਰਹੇ ਸਨ। ਉਹ ਨਫ਼ਰਤ ਦੇ ਬੀਜ ਬੀਅ ਰਹੇ ਸੀ। ਕਾਨੂੰਨ ਖਿਲਾਫ ਬੋਲ ਰਹੇ ਸੀ। ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਉਹ ਸਾਰੇ ਇਸ ਕਾਰਵਾਈ ਵਿੱਚ ਫੜੇ ਗਏ ਹਨ। ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੱਟੜ, ਦੇਸ਼ ਭਗਤ ਤੇ ਇਮਾਨਦਾਰ ਪਾਰਟੀ ਹੈ। ਅਸੀਂ ਅਜਿਹੀ ਕਿਸੇ ਵੀ ਤਾਕਤ ਨੂੰ ਨਹੀਂ ਬਖਸ਼ਾਂਗੇ ਜੋ ਪੰਜਾਬ ਵਿੱਚ ਦੇਸ਼ ਦੇ ਵਿਰੁੱਧ ਪਨਪ ਰਹੀ ਹੋਵੇ। ਉਨ੍ਹਾਂ ਕਿਹਾ ਕਿ ਭਾਰੀ ਬਹੁਮਤ ਦੇ ਕੇ ਲੋਕਾਂ ਨੇ ਸਾਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ।
ਸੀਐਮ ਮਾਨ ਨੇ ਕਿਹਾ ਕਿ ਦੂਸਰਿਆਂ ਦੇ ਪੁੱਤਰਾਂ ਨੂੰ ਇਹ ਕਹਿਣਾ ਬਹੁਤ ਸੌਖਾ ਹੈ ਕਿ ਤੁਸੀਂ ਸਾਡਾ ਸਾਥ ਦਿਓ, ਅਸੀਂ ਇਹ ਨਾਜਾਇਜ਼ ਕੰਮ ਕਰਾਂਗੇ। ਮੈਨੂੰ ਕਈ ਮਾਪਿਆਂ ਦੇ ਫੋਨ ਆਏ ਕਿ ਤੁਸੀਂ ਬਹੁਤ ਵਧੀਆ ਕੀਤਾ ਹੈ। ਪੰਜਾਬ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ। ਸਾਨੂੰ ਡਰ ਸੀ ਕਿ ਕਿਤੇ ਸਾਡੇ ਬੱਚੇ ਗਲਤ ਸੰਗਤ ਵਿੱਚ ਨਾ ਪੈ ਜਾਣ। ਇਸ ਲਈ ਸਖਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲੇ ਨੰਬਰ ‘ਤੇ ਸੀ ਤੇ ਇਸ ਨੂੰ ਨੰਬਰ ਵਨ ਬਣਾਵਾਂਗੇ। ਪੰਜਾਬ ਦੇ ਜਵਾਨ ਦੇਸ਼ ਦੀ ਰੱਖਿਆ ਲਈ ਸਰਹੱਦ ‘ਤੇ ਖੜ੍ਹੇ ਹਨ। ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲੇ ਕਿਸੇ ਵੀ ਵਿਅਕਤੀ ਖਿਲਾਫ ਕਾਰਵਾਈ ਕੀਤੀ ਜਾਵੇਗੀ।