ਪੰਜਾਬ ਦੇ ਕਿਸਾਨਾਂ ਦੇ ਹੱਕ ‘ਚ ਸੀ.ਐਮ. ਭਗਵੰਤ ਮਾਨ ਇਕ ਤੋਂ ਬਾਅਦ ਇਕ ਐਲਾਨ ਕਰ ਰਹੇ ਹਨ। ਖੇਤੀ ਨੂੰ ਇਕ ਲਾਹੇਵੰਦ ਧੰਦਾ ਬਣਾਉਣ ਲਈ ਹੁਣ ਸੀ.ਐਮ. ਨੇ ਇਕ ਹੋਰ ਨਿਵੇਕਲੀ ਪਹਿਲ ਕੀਤੀ ਹੈ। ਇਸ ਦੌਰਾਨ ਉਹਨਾਂ ਨੇ ਖੁਦ ਜਾਣਕਾਰੀ ਦਿੱਤੀ ਹੈ ਕਿ ਚੀਫ਼ ਸੈਕਟਰੀ ਦੀ ਅਗਵਾਈ ‘ਚ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਜਾਂਚ-ਪੜਤਾਲ ਕਰਕੇ, ਵੱਖ-ਵੱਖ ਕਿਸਾਨਾਂ ਨਾਲ ਗੱਲ ਕਰਕੇ, ਵੱਖ-ਵੱਖ ਪਿੰਡਾਂ ‘ਚ ਜਾ ਕੇ ਮੁੱਖ ਮੰਤਰੀ ਮਾਨ ਨੂੰ ਰਿਪੋਰਟ ਸੌਂਪੇਗੀ ਕਿ ਅਸੀਂ ਝੋਨੇ ਤੋਂ ਬਿਨਾਂ ਬਾਕੀ ਹੋਰ ਕਿਹੜੀਆਂ ਫ਼ਸਲਾਂ ਬੀਜ ਸਕਦੇ ਹਾਂ, ਜਿਨ੍ਹਾਂ ‘ਚ ਪਾਣੀ ਦੀ ਘੱਟ ਵਰਤੋਂ ਹੁੰਦੀ ਹੋਵੇ ਅਤੇ ਜਿਹਦੇ ‘ਚ ਕਿਸਾਨਾਂ ਦਾ ਖ਼ਰਚਾ ਘੱਟ ਅਤੇ ਫ਼ਾਇਦਾ ਜ਼ਿਆਦਾ ਹੋਵੇ। ਇਨ੍ਹਾਂ ‘ਚ ਬਾਸਮਤੀ, ਨਰਮਾ, ਕਪਾਹ, ਮੂੰਗ, ਦਾਲਾਂ ਆਦਿ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਅਸੀਂ ਕਦਮ ਚੁੱਕ ਰਹੇ ਹਾਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ‘ਚ ਪਹਿਲਾਂ ਵੱਖ-ਵੱਖ ਕਿਸਮ ਦੀਆਂ ਫ਼ਸਲਾਂ ਬੀਜੀਆਂ ਜਾਂਦੀਆਂ ਸਨ, ਕਿਉਂਕਿ ਸਾਡੇ ਪੰਜਾਬ ਦੀ ਧਰਤੀ ਬੇਹੱਦ ਉਪਜਾਊ ਹੈ। ਪਰ ਪਿਛਲੇ ਕਾਫ਼ੀ ਸਮੇਂ ਤੋਂ ਵੱਖ-ਵੱਖ ਫ਼ਸਲਾਂ ਨੂੰ ਛੱਡ ਕੇ ਸਾਡਾ ਸਾਰਾ ਧਿਆਨ ਝੋਨੇ ਵੱਲ ਹੋ ਗਿਆ ਹੈ। ਝੋਨੇ ਦੀ ਫ਼ਸਲ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ ਕਿ ਝੋਨਾ ਹੀ ਬੀਜਿਆ ਜਾਵੇ, ਜਿਸ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਬੀਜਣ ਨਾਲ ਬਿਜਲੀ ਦਾ ਪ੍ਰਬੰਧਨ, ਧਰਤੀ ਹੇਠਲੇ ਪਾਣੀ ਦਾ ਹੋਰ ਹੇਠਾਂ ਚਲੇ ਜਾਣਾ, ਪੰਜਾਬ ਦੀ 80 ਫ਼ੀਸਦੀ ਧਰਤੀ ਦਾ ਡਾਰਕ ਜ਼ੋਨ ‘ਚ ਚਲੇ ਜਾਣਾ, ਪਰਾਲੀ ਨਾਲ ਸਬੰਧਿਤ ਸਮੱਸਿਆਵਾਂ, ਪਰਾਲੀ ਨੂੰ ਅੱਗ ਲਾਉਣ ਮਗਰੋਂ ਪ੍ਰਦੂਸ਼ਣ ਅਤੇ ਸਿਹਤ ਨਾਲ ਸਬੰਧਿਤ ਸਮੱਸਿਆਵਾਂ ਪੈਦਾ ਹੋ ਗਈਆਂ। ਇਨ੍ਹਾਂ ਸਮੱਸਿਆਵਾਂ ਦੇ ਹੱਲ ਵਾਸਤੇ ਮੇਰੀ ਸਰਕਾਰ ਉਤਸੁਕ ਵੀ ਹੈ ਅਤੇ ਸਾਡੀ ਪਹਿਲ ਵੀ ਹੈ। ਦਿਨ-ਰਾਤ ਅਸੀਂ ਮਿਹਨਤ ਕਰ ਰਹੇ ਹਾਂ।
ਮੁੱਖ ਮੰਤਰੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਨਰਮੇ ਅਤੇ ਕਪਾਹ ਦਾ ਰਕਬਾ ਵਧਾਉਣਾ ਚਾਹੁੰਦੇ ਹਾਂ। ਇਹ ਕਿਵੇਂ ਵੱਧ ਸਕਦਾ ਹੈ, ਇਸ ਲਈ ਕਿਸਾਨ-ਸਰਕਾਰ ਮਿਲਣੀ ਕੀਤੀ ਗਈ। ਉੱਥੇ ਨਰਮੇ ਤੇ ਕਪਾਹ ਵਾਲੇ ਕਿਸਾਨਾਂ ਨੇ ਸਾਨੂੰ ਇਕ ਆਈਡੀਆ ਦਿੱਤਾ ਕਿ ਇਕ ਅਪ੍ਰੈਲ ਨੂੰ ਜੇਕਰ ਨਹਿਰਾਂ ‘ਚ ਪਾਣੀ ਆ ਜਾਵੇ ਅਤੇ ਸਾਡੇ ਨਰਮੇ ਨੂੰ ਨਹਿਰ ਦਾ ਪਾਣੀ ਲੱਗ ਜਾਵੇ ਤਾਂ ਸਾਡਾ ਨਰਮੇ ਦਾ ਬੂਟਾ ਬਹੁਤ ਤੰਦਰੁਸਤ ਅਤੇ ਤਗੜਾ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਨੂੰ ਇਸ ਗੱਲ ਦਾ ਭਰੋਸਾ ਦਿੰਦੇ ਹਾਂ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਟੇਲ ਐਂਡ ‘ਤੇ ਇਕ ਅਪ੍ਰੈਲ ਤੱਕ ਪਾਣੀ ਪਹੁੰਚ ਜਾਵੇਗਾ ਤਾਂ ਕਿ ਨਰਮੇ ਅਤੇ ਕਪਾਹ ਦੇ ਹੇਠਲੇ ਰਕਬੇ ਨੂੰ ਵਧਾਇਆ ਜਾ ਸਕੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਪਾਣੀ ਪਹਿਲਾਂ ਕਿਸਾਨਾਂ ਤੱਕ ਇਸ ਲਈ ਨਹੀਂ ਪਹੁੰਚਦਾ ਸੀ ਕਿਉਂਕਿ ਨਹਿਰਾਂ ਦੇ ਨੇੜੇ ਰਹਿਣ ਵਾਲੇ ਕਈ ਰਸੂਖ਼ਦਾਰ ਕਿਸਾਨਾਂ ਦੇ ਵੱਡੇ-ਵੱਡੇ ਨੇਤਾਵਾਂ ਨਾਲ ਸਬੰਧ ਸਨ, ਉਹ ਨਾਜਾਇਜ਼ ਮੋਘੇ ਲਗਵਾ ਲੈਂਦੇ ਸਨ। ਇਸ ਪਾਣੀ ਦੀ ਚੋਰੀ ਨਾਲ ਟੇਲ ਐਂਡ ਤੱਕ ਪਾਣੀ ਨਹੀਂ ਪਹੁੰਚਦਾ ਸੀ। ਅਸੀਂ ਪਾਣੀ ਦੀ ਚੋਰੀ ਨਹੀਂ ਹੋਣ ਦੇਵਾਂਗੇ ਅਤੇ ਕਿਸੇ ਦਾ ਵੀ ਹੱਕ ਮਾਰਨ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਫ਼ਸਲਾਂ ‘ਤੇ 33 ਫ਼ੀਸਦੀ ਸਬਸਿਡੀ ਦੇ ਰਹੇ ਹਾਂ। ਨਰਮੇ ਤੇ ਕਪਾਹ ਦੇ ਬੀਜ ਦੀ ਕੀਮਤ ਦਾ ਤੀਜਾ ਹਿੱਸਾ ਸਰਕਾਰ ਸਬਸਿਡੀ ਦੇਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੁਬਾਰਾ ਫਿਰ ਨਾ ਫ਼ਸਲਾਂ ‘ਤੇ ਹਮਲਾ ਕਰੇ, ਇਸ ਦੀ ਰੋਕਥਾਮ ਵਾਸਤੇ ਬਹੁਤ ਸਾਰੀਆਂ ਰਿਸਰਚਾਂ ਅਤੇ ਨਵੇਂ ਕੀਟਨਾਸ਼ਕ ਤਿਆਰ ਕਰ ਰਹੇ ਹਾਂ।
ਨਰਮਾ, ਕਪਾਹ ਅਤੇ ਹੋਰ ਫ਼ਸਲਾਂ ‘ਤੇ ਬੀਮੇ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਜੋ ਬੇਮੌਸਮੀ ਬਰਸਾਤ, ਗੜ੍ਹੇਮਾਰੀ ਜਾਂ ਗੁਲਾਬੀ ਸੁੰਡੀ ਲੱਗਣ ‘ਤੇ ਕਿਸਾਨ ਨੂੰ ਫ਼ਸਲ ਦਾ ਬੀਮਾ ਮਿਲ ਸਕੇ ਅਤੇ ਉਨ੍ਹਾਂ ‘ਤੇ ਆਰਥਿਕਤਾ ਦੀ ਤਲਵਾਰ ਨਾ ਲਟਕੇ। ਉਨ੍ਹਾਂ ਕਿਹਾ ਕਿ ਬਾਸਮਤੀ ਇੱਕ ਇਹੋ ਜਿਹੀ ਫ਼ਸਲ ਹੈ, ਜਿਹੜੀ ਪਿਛਲੀ ਵਾਰ ਬੇਹੱਦ ਵਧੀਆ ਹੋਈ ਅਤੇ ਇਸ ਦਾ ਭਾਅ ਵੀ ਵਧੀਆ ਮਿਲਿਆ। ਇਸ ਲਈ ਅਸੀਂ ਬਾਸਮਤੀ ਨੂੰ ਉਤਸ਼ਾਹਿਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਬਾਸਮਤੀ ਦਾ ਰੇਟ ਤੈਅ ਕਰ ਰਹੇ ਹਾਂ ਤਾਂ ਕਿ ਜ਼ਿਆਦਾ ਬਾਸਮਤੀ ਪੈਦਾ ਹੋਣ ਕਾਰਨ ਜੇਕਰ ਰੇਟ ਘੱਟਦੇ ਹਨ ਤਾਂ ਸਰਕਾਰ ਆਪ ਬਾਸਮਤੀ ਖ਼ਰੀਦੇਗੀ ਅਤੇ ਕਿਸਾਨਾਂ ਨੂੰ ਕੋਈ ਘਾਟਾ ਨਹੀਂ ਪੈਣ ਦੇਵੇਗੀ। ਬਾਸਮਤੀ ਦੀ ਫ਼ਸਲ ਲਈ ਲੈਬੋਰਟਰੀਆਂ ਵੀ ਸਥਾਪਿਤ ਕੀਤੀ ਜਾ ਰਹੀਆਂ ਹਨ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਬਾਸਮਤੀ ਦੀ ਫ਼ਸਲ ‘ਤੇ ਕਿੰਨੀ ਮਾਤਰਾ ‘ਚ ਕੀਟਨਾਸ਼ਕ ਛਿੜਕੇ ਜਾਣ ਕਿਉਂਕਿ ਬਾਸਮਤੀ ਵਿਦੇਸ਼ਾਂ ‘ਚ ਵੀ ਭੇਜੀ ਜਾਂਦੀ ਹੈ। ਪੂਸਾ-44 ਝੋਨੇ ਦੀ ਫ਼ਸਲ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਫ਼ਸਲ ਪੱਕਣ ਵੇਲੇ ਜ਼ਿਆਦਾ ਸਮਾਂ ਲੈਂਦੀ ਹੈ, ਮਤਲਬ ਕਿ ਇਸ ਫ਼ਸਲ ‘ਤੇ ਜ਼ਿਆਦਾ ਪਾਣੀ ਅਤੇ ਬਿਜਲੀ ਦੀ ਖ਼ਪਤ ਹੁੰਦੀ ਹੈ ਅਤੇ ਪਰਾਲੀ ਵੀ ਜ਼ਿਆਦਾ ਹੁੰਦੀ ਹੈ।
ਇਸ ਲਈ ਅਸੀਂ ਇਸ ਵਾਰ ਪੀ. ਆਰ. 126 ਅਤੇ ਹੋਰ ਝੋਨੇ ਦੀਆਂ ਫ਼ਸਲਾਂ ਜੋ ਘੱਟ ਸਮੇਂ ‘ਚ ਪੱਕਣ ਵਾਲੀਆਂ ਹਨ, ਉਨ੍ਹਾਂ ਨੂੰ ਬੀਜਣ ਦੀ ਸਲਾਹ ਕਿਸਾਨਾਂ ਨੂੰ ਦੇਵਾਂਗੇ। ਉਨ੍ਹਾਂ ਕਿਹਾ ਕਿ ਮੂੰਗ ਦੀ ਫ਼ਸਲ ਨੂੰ ਉਤਸ਼ਾਹਿਤ ਕਰਨ ਲਈ ਐੱਮ. ਐੱਸ. ਪੀ. ਦੇਵਾਂਗੇ। ਰਿਸਰਚ ਤੋਂ ਪਤਾ ਲੱਗਾ ਹੈ ਕਿ ਮੂੰਗ ਦੀ ਫ਼ਸਲ ਜਿੱਥੇ ਬੀਜ ਦਿੱਤੀ ਜਾਂਦੀ ਹੈ, ਉੱਥੇ ਚਿੱਟੀ ਮੱਖੀ ਪੈਦਾ ਹੋ ਜਾਂਦੀ ਹੈ ਅਤੇ ਇਹੀ ਮੱਖੀ ਨਰਮੇ ਵੱਲ ਚਲੀ ਜਾਂਦੀ ਹੈ। ਇਸ ਲਈ ਅਸੀਂ ਮਾਨਸਾ, ਬਠਿੰਡਾ, ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਦੇ ਕਿਸਾਨਾਂ ਨੂੰ ਇਸ ਨੂੰ ਨਾ ਬੀਜਣ ਦੀ ਸਲਾਹ ਦੇਵਾਂਗੇ। ਉਨ੍ਹਾਂ ਕਿਹਾ ਕਿ ਇਸ ਪ੍ਰੋਡਕਟ ਨੂੰ ਲਾਗੂ ਕਰਨ ਲਈ 2500 ਕਿਸਾਨ ਮਿੱਤਰ ਅਤੇ 100 ਖੇਤੀ ਮਾਹਿਰ ਨਿਯੁਕਤ ਕੀਤੇ ਜਾਣਗੇ, ਜੋ ਕਿ ਕਿਸਾਨਾਂ ਨੂੰ ਵਿਸਥਾਰ ਪੂਰਵਕ ਸੇਵਾਵਾਂ ਮੁਹੱਈਆ ਕਰਵਾਉਣਗੇ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਖੇਤੀ ਨੂੰ ਲਾਹੇਵੰਦੀ ਕਿੱਤਾ ਬਣਾਇਆ ਜਾਵੇ ਤਾਂ ਜੋ ਪੰਜਾਬ ਦਾ ਕਿਸਾਨ ਫਿਰ ਦਮਾਮੇਂ ਮਾਰਦਾ ਮੇਲਿਆਂ ‘ਚ ਜਾ ਸਕੇ।