ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰਾਜਸਥਾਨ ‘ਚ ਹੋਣ ਵਾਲੀਆਂ ਚੋਣਾਂ ਨੂੰ ਲੈਕੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਰਾਜਸਥਾਨ ਦਾ ਦੌਰਾ ਸ਼ੁਰੂ ਕੀਤਾ ਗਿਆ ਹੈ ਜਿਸ ਦੀ ਤਸਵੀਰਾਂ ਉਨਾਂ ਵਲੋਂ ਆਪਣੇ ਟਵੀਟਰ ਅਕਾਊਂਟ ‘ਤੇ ਵੀ ਸਾਂਝੀਆਂ ਕੀਤੀਆਂ ਗਈਆਂ ਸੀ। ਇਸ ਤੋਂ ਬਾਅਦ ਹੁਣ ਉਹਨਾਂ ‘ਤੇ ਇਹ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਹ ਪੰਜਾਬ ਦੇ ਲੋਕਾਂ ਦਾ ਪੈਸਾ ਹੁਣ ਰਾਜਸਥਾਨ ‘ਚ ਕੀਤੇ ਜਾ ਰਹੇ ਚੋਣ ਪ੍ਰਚਾਰ ‘ਚ ਲਗਾ ਰਹੇ ਹਨ।
ਭਾਜਪਾ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ‘ਆਪ’ ਨੂੰ ਕਰੜੇ ਹੱਥੀ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਨਸੀਹਤ ਦਿੱਤੀ ਹੈ। ਉਹਨਾਂ ਟਵੀਟ ਕਰਦਿਆਂ ਕਿਹਾ, “ਕੇਜਰੀਵਾਲ, ਭਗਵੰਤ ਮਾਨ ਨੂੰ ਦਿਖਾਵੇ ਵਜੋਂ ਵਰਤ ਰਿਹਾ ਹੈ। ਉਹਨਾਂ ਨਸੀਹਤ ਦਿੰਦਿਆਂ ਕਿਹਾ, ਮਾਨ ਸਾਹਬ, ਪੂਰੇ ਭਾਰਤ ਵਿੱਚ ਕੇਜਰੀਵਾਲ ਦੇ ਦੌਰੇ ਅਤੇ ਟੂਰ ਸਪਾਂਸਰ ਕਰਨ ਦੀ ਬਜਾਏ ਉਸਦੀ ਗੇਮ ਪਲਾਨ ਨੂੰ ਦੇਖੋ ਅਤੇ ਆਪਣੇ ਸੂਬੇ ਦਾ ਧਿਆਨ ਰੱਖੋ।
ਇਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਇਕ ਟਵੀਟ ਕਰਦਿਆਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ‘ਤੇ ਸ਼ਬਦੀ ਵਾਰ ਕੀਤੇ ਗਏ ਹਨ। ਉਹਨਾਂ ਲਿਖਿਆ ਪੰਜਾਬ ਵਿੱਚ ਜੰਗਲ-ਕਾਨੂੰਨ ਦਾ ਬੋਲਬਾਲਾ ਹੈ। ਆਮ ਆਦਮੀ ਗੈਂਗਸਟਰ-ਕਲਚਰ ਦੀ ਮਾਰ ਝੱਲ ਰਿਹਾ ਹੈ। ਉਦਯੋਗ ਸੂਬੇ ਤੋਂ ਭੱਜ ਰਿਹਾ ਹੈ। ਇਸ ਸਥਿਤੀ ਨੂੰ ਸੁਧਾਰਨ ਦੀ ਬਜਾਏ ਸੀ.ਐਮ. ਭਗਵੰਤ ਮਾਨ ਕੇਜਰੀਵਾਲ ਦੇ ਪ੍ਰਚਾਰ ਲਈ ਪੰਜਾਬ ਦੇ ਫੰਡਾਂ ਦੀ ਵਰਤੋਂ- ਹੁਣ ਰਾਜਸਥਾਨ ਵਿੱਚ ਕਰਨ ਲੱਗ ਪਏ ਹਨ। ਉਹਨਾਂ ਕਿਹਾ ਕਿ “ਬਸ ਹੁਣ ਬਹੁਤ ਹੋ ਗਿਆ। ਪੰਜਾਬ ਸੂਬੇ ਨੂੰ ਪਹਿਲਾਂ ਰੱਖਿਆ ਨਾ ਕਿ ਆਪਣੇ ਸਿਆਸੀ ਮਾਲਕ ਨੂੰ।