ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅਹਿਮ ਫੈਸਲਾ ਲੈਂਦੇ ਹੋਏ ਵੱਡਾ ਕਦਮ ਚੁੱਕਿਆ ਗਿਆ ਹੈ। ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ/ਐਲੀਮੈਂਟਰੀ) ਨੂੰ ਵਿਦਿਆਰਥੀਆਂ ਨੂੰ ਵਿੱਦਿਅਕ ਟੂਰ ’ਤੇ ਲਿਜਾਣ ਲਈ ਖ਼ਾਸ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਮੁਤਾਬਕ ਵਿੱਦਿਅਕ ਟੂਰ ’ਤੇ ਵਿਦਿਆਰਥੀਆਂ ਨੂੰ ਲਿਜਾਣ ਤੋਂ ਪਹਿਲਾਂ ਸਬੰਧਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੋਂ ਮਨਜ਼ੂਰੀ ਲੈਣੀ ਹੋਵੇਗੀ, ਨਾਲ ਹੀ ਸਕੂਲ ਮੁਖੀ ਨੂੰ ਵਿੱਦਿਅਕ ਟੂਰ ’ਤੇ ਲਿਜਾਣ ਦੇ ਇੱਛੁਕ ਵਿਦਿਆਰਥੀਆਂ ਦੇ ਮਾਪਿਆਂ ਤੋਂ ਲਿਖ਼ਤੀ ਸਹਿਮਤੀ ਲੈਣੀ ਜ਼ਰੂਰੀ ਹੋਵੇਗੀ। ਸਕੂਲ ਮੁਖੀ ਵੱਲੋਂ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਵਿੱਦਿਅਕ ਟੂਰ ਵਿਦਿਆਰਥੀਆਂ ਦੇ ਪਾਠਕ੍ਰਮ ਨਾਲ ਸਬੰਧਿਤ ਹੋਣ ਦੇ ਨਾਲ-ਨਾਲ ਉਨ੍ਹਾਂ ਦੀ ਜਾਣਕਾਰੀ ‘ਚ ਵਾਧਾ ਕਰਨ ਵਾਲਾ ਹੋਵੇ।
ਵਿਭਾਗ ਨੇ ਕਿਹਾ ਕਿ ਟੂਰ ’ਤੇ ਜਾਣ ਵਾਲੇ ਹਰ ਵਿਦਿਆਰਥੀ ਕੋਲ ਪਛਾਣ ਪੱਤਰ ਹੋਣਾ ਜ਼ਰੂਰੀ ਹੈ। ਸਕੂਲ ਮੁਖੀ ਵੱਲੋਂ ਇਕ ਪ੍ਰੋਫਾਰਮਾ ਤਿਆਰ ਕੀਤਾ ਜਾਵੇਗਾ, ਜਿਸ ‘ਚ ਵਿਦਿਆਰਥੀਆਂ ਦਾ ਪੂਰਾ ਵੇਰਵਾ ਜਿਵੇਂ ਕਿ ਮਾਤਾ-ਪਿਤਾ ਦਾ ਨਾਂ, ਘਰ ਦਾ ਪਤਾ, ਮੋਬਾਇਲ ਨੰਬਰ ਅਤੇ ਈ-ਮੇਲ ਆਈ. ਡੀ. ਲਿਖਿਆ ਹੋਵੇਗਾ ਅਤੇ ਇਸ ਵੇਰਵੇ ਦੀ ਇਕ ਕਾਪੀ ਵਿੱਦਿਅਕ ਟੂਰ ’ਤੇ ਜਾਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਕੋਲ ਹੋਵੇਗੀ। ਸਕੂਲ ਮੁਖੀ ਵੱਲੋਂ ਵਿੱਦਿਅਕ ਟੂਰ ’ਤੇ ਜਾਣ ਵਾਲੇ ਵਿਦਿਆਰਥੀਆਂ ਨਾਲ ਸਕੂਲ ਦੇ ਸੀਨੀਅਰ ਅਤੇ ਜ਼ਿੰਮੇਵਾਰ ਅਧਿਆਪਕ ਦੀ ਡਿਊਟੀ ਲਗਾਈ ਜਾਵੇਗੀ ਅਤੇ ਟੂਰ ‘ਚ ਕੁੜੀਆਂ ਵੀ ਸ਼ਾਮਲ ਹਨ ਤਾਂ ਮਹਿਲਾ ਅਧਿਆਪਕਾਂ ਦਾ ਟੂਰ ਦੇ ਨਾਲ ਜਾਣਾ ਯਕੀਨੀ ਬਣਾਇਆ ਜਾਵੇਗਾ।
ਵਿਭਾਗ ਦੇ ਮੁਤਾਬਕ ਟੂਰ ਜਿਨ੍ਹਾਂ ਥਾਵਾਂ ’ਤੇ ਲੈ ਕੇ ਜਾਣਾ ਹੈ, ਉੱਥੋਂ ਦੇ ਕਮਿਸ਼ਨਰ/ਮੈਜਿਸਟ੍ਰੇਟ/ਸਬੰਧਿਤ ਅਥਾਰਟੀ ਨੂੰ ਸੂਚਿਤ ਕੀਤਾ ਜਾਵੇਗਾ। ਟੂਰ ‘ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਤੋਂ ਸਵੈ-ਘੋਸ਼ਣਾ ਲਈ ਜਾਵੇਗੀ ਕਿ ਉਹ ਟੂਰ ਲਈ ਬਣਾਏ ਨਿਯਮਾਂ ਦੇ ਪਾਬੰਦ ਹੋਣਗੇ ਅਤੇ ਸਕੂਲ ਮੁਖੀ ਸਵੈ-ਘੋਸ਼ਣਾ ਵਜੋਂ ਇਹ ਤੈਅ ਕਰੇਗਾ ਕਿ ਜਾਣ ਵਾਲੇ ਵਿਦਿਆਰਥੀਆਂ ਨੂੰ ਐਮਰਜੈਂਸੀ ਦੌਰਾਨ ਜ਼ਰੂਰੀ ਮੱਦਦ ਮੁਹੱਈਆ ਕਰਵਾਈ ਜਾਵੇਗੀ।