2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਲਗਾਤਾਰ ਵੱਡੇ ਸਿਆਸੀ ਦਾਅ ਖੇਡ ਰਹੀ ਹੈ। ਕੁਝ ਸਮੇਂ ਪਹਿਲਾਂ ਕਾਂਗਰਸ ਛੱਡਕੇ ਭਾਜਪਾ ‘ਚ ਸ਼ਾਮਲ ਹੋਏ ਵੱਡੇ ਲੀਡਰਾਂ ਨੂੰ ਹੁਣ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ। ਖਾਸ ਕਰਕੇ ਪੰਜਾਬ ‘ਚ ਆਪਣੇ ਪੈਰ ਪਸਾਰਣ ਲਈ ਬੀਜੇਪੀ ਨਵੀਂ ਰਣਨੀਤੀਆਂ ਘੜਣ ਵਿਚ ਲੱਗ ਹੋਈ ਹੈ। ਬੀਤੇ ਦਿਨੀਂ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਤੋਂ ਬਾਅਦ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਭਾਜਪਾ ਕੇਂਦਰੀ ਮੰਤਰੀ ਮੰਡਲ ਤੇ ਸੰਗਠਨ ‘ਚ ਫੇਰਬਦਲ ਦੇ ਨਾਲ-ਨਾਲ ਤਿੰਨ ਸੂਬਿਆਂ ‘ਚ ਰਾਜਪਾਲ ਵੀ ਬਦਲ ਸਕਦੀ ਹੈ। ਜੰਮੂ-ਕਸ਼ਮੀਰ ਦੀ ਸਿਆਸਤ ‘ਚ ਇਸ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਚਰਚਾ ‘ਚ ਹੈ।
ਖ਼ਬਰਾਂ ਮੁਤਾਬਕ 2020 ਵਿੱਚ ਜੰਮੂ-ਕਸ਼ਮੀਰ ਦੇ ਗਵਰਨਰ ਬਣੇ ਮਨੋਜ ਸਿਨਹਾ ਦੀ ਥਾਂ ਇਹ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਣ ਉੱਤੇ ਵਿਚਾਰ-ਚਰਚਾ ਹੋ ਰਹੀ ਹੈ। ਹਾਲਾਂਕਿ, ਕੁਝ ਮਹੀਨੇ ਪਹਿਲਾਂ ਉਹਨਾਂ ਦੇ ਮਹਾਰਾਸ਼ਟਰ ਦੇ ਰਾਜਪਾਲ ਬਣਨ ਉੱਤੇ ਵੀ ਚਰਚਾ ਸ਼ੁਰੂ ਹੋਈ ਸੀ ਪਰ ਬਾਅਦ ਵਿੱਚ ਇਸ ਉੱਤੇ ਰੋਕ ਲਾ ਦਿੱਤੀ ਗਈ ਸੀ। ਮੋਦੀ ਸਰਕਾਰ ਲੋਕਸਭਾ ਚੋਣਾਂ ਵਿੱਚ ਉਤਰਨ ਤੋਂ ਪਹਿਲਾਂ ਦੋ ਜਾਂ ਤਿੰਨ ਰਾਜਪਾਲਾਂ ਨੂੰ ਵੀ ਹਟਾਉਣ ਉੱਤੇ ਵਿਚਾਰ ਕਰ ਰਹੀ ਹੈ। ਜਿਸ ਵਿੱਚ ਜੰਮੂ-ਕਸ਼ਮੀਰ ਦੇ ਨਾਲ-ਨਾਲ ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਉੱਤੇ ਵੀ ਚਰਚਾ ਜਾਰੀ ਹੈ।