2024 ਦੀਆਂ ਲੋਕ ਸਭਾ ਚੋਣਾਂ ਨੂੰ ਲੈਕੇ ਅਤੇ ਕੇਂਦਰ ‘ਚ ਬੀਜੇਪੀ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਪੰਜਾਬ ਦਾ ਦੌਰਾ ਕਰਨਗੇ। ਇਹ ਜਾਣਕਾਰੀ ਭਾਜਪਾ ਦੇ ਬੁਲਾਰੇ ਅਨਿਲ ਸਰੀਨ ਵੱਲੋਂ ਦਿੱਤੀ ਗਈ ਹੈ। ਪੰਜਾਬ ‘ਚ ਆਪਣਾ ਦਬਦਬਾ ਕਾਇਮ ਕਰਨ ਲਈ ਬੀਜੇਪੀ ਵਲੋਂ ਵਿਸ਼ਾਲ ਰੈਲੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ, ਇਸ ਨੂੰ ਕੇਂਦਰ ‘ਚ ਬੀਜੇਪੀ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਕੀਤੀਆਂ ਜਾ ਰਹੀਆਂ ਰੈਲੀਆਂ ਨਾਲ ਜੋੜਿਆ ਜਾ ਰਿਹਾ ਹੈ ਪਰ ਕਿਤੇ ਨਾ ਕਿਤੇ ਇਹ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈਕੇ ਬੀਜੇਪੀ ਆਪਣਾ ਸ਼ਕਤੀ ਪ੍ਰਦਰਸ਼ਨ ਇਹਨਾਂ ਰੈਲੀਆਂ ਜ਼ਰੀਏ ਕਰੇਗੀ।
ਭਾਜਪਾ ਆਗੂ ਅਨਿਲ ਸਰੀਨ ਨੇ ਦੱਸਿਆ ਕਿ ਭਾਜਪਾ ਪ੍ਰਧਾਨ ਜੇਪੀ ਨੱਡਾ 14 ਜੂਨ ਨੂੰ ਹੁਸ਼ਿਆਰਪੁਰ ਆਉਣਗੇ ਜਦਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 18 ਜੂਨ ਨੂੰ ਗੁਰਦਾਸਪੁਰ ਦੌਰੇ ‘ਤੇ ਪਹੁੰਚਣਗੇ। ਦੋਵਾਂ ਆਗੂਆਂ ਵੱਲੋਂ ਪੰਜਾਬ ਵਿੱਚ ਵਿਸ਼ਾਲ ਰੈਲੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਪੰਜਾਬ ਭਾਜਪਾ ਵੱਲੋਂ ਸੈਂਕੜੇ ਜਨ ਸਭਾਵਾਂ, ਰੈਲੀਆਂ ਅਤੇ ਹੋਰ ਕਈ ਪ੍ਰੋਗਰਾਮ ਕੀਤੇ ਜਾਣਗੇ।
ਕੇਂਦਰ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਦੱਸਿਆ ਕਿ ਹਰ ਰਾਜ ਵਿੱਚ ਕਲੱਸਟਰ ਬਣਾਏ ਗਏ ਹਨ। ਇਸ ਵਿੱਚ ਕੇਂਦਰੀ ਮੰਤਰੀਆਂ ਸਮੇਤ ਹੋਰ ਆਗੂ ਤੇ ਵਰਕਰ ਘਰ-ਘਰ ਜਾ ਕੇ ਮੋਦੀ ਸਰਕਾਰ ਦੀਆਂ ਪਿਛਲੇ ਨੌਂ ਸਾਲਾਂ ਦੀਆਂ ਪ੍ਰਾਪਤੀਆਂ ਅਤੇ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਗੇ।