ਭਾਜਪਾ ਪੰਜਾਬ ਦੇ ਨਵ-ਨਿਯੁਕਤ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪੰਜਾਬ ਭਾਜਪਾ ਦੇ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਨਵੇਂ ਪ੍ਰਧਾਨ ਦੀ ਤਾਜਪੋਸ਼ੀ ਪ੍ਰੋਗਰਾਮ ਵਿੱਚ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਕਮੀ ਸਭ ਨੂੰ ਖਲੀ, ਉਹ ਅੱਜ ਨਵੇਂ ਪ੍ਰਧਾਨ ਨੂੰ ਚਾਰਜ ਸੌਂਪਣ ਨਹੀਂ ਆਏ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸੁਨੀਲ ਜਾਖੜ ਨੇ ਪਾਰਟੀ ਨੂੰ ਪੰਜਾਬ ਦਾ ਦਿੱਲ ਜਿੱਤਣ ਦੀ ਗੱਲ ਕਹੀ। ਉਹਨਾਂ ਕਿਹਾ ਕਿ ਅਸੀਂ ਪੰਜਾਬੀਆਂ ਦੇ ਦਿੱਲ ਜਿੱਤਾਂਗੇ ਸੀਟਾਂ ਆਪਣੇ-ਆਪ ਮਗਰ ਆ ਜਾਣਗੀਆਂ। ਇਸਦੇ ਨਾਲ ਹੀ ਜਾਖੜ ਨੇ ਕਿਹਾ ਕਿ ਸਾਡੀ ਜ਼ਿੰਮਵਾਰੀ ਰੰਗਲੇ ਪੰਜਾਬ ਨੂੰ ਬਚਾਉਣ ਦੀ ਹੈ ਜਿਸਨੂੰ ਨਜ਼ਰ ਲੱਗ ਗਈ ਹੈ।
ਉਥੇ ਹੀ ਚੰਡੀਗੜ੍ਹ ‘ਚ ਰੱਖੇ ਗਏ ਪ੍ਰਧਾਨ ਦੇ ਅਹੁਦਾ ਸੰਭਾਲ ਸਮਾਗਮ ‘ਚ ਸੁਨੀਲ ਜਾਖੜ ਨੇ ਅਕਾਲੀ ਦਲ-ਭਾਜਪਾ ਗਠਜੋੜ ‘ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ, ਛੋਟਾ ਭਾਈ ਵਾਲਾ ਦਰਜਾ ਮਨਜ਼ੂਰ ਨਹੀਂ ਹੈ। ਇਸ ਦੌਰਾਨ ਜਾਖੜ ਵਲੋਂ ਪਾਰਟੀ ਨੂੰ ਖੁਦ ਮੁਖਤਿਆਰ ਹੋਣ ਦਾ ਸੱਦਾ ਵੀ ਦਿੱਤਾ ਗਿਆ। ਇਸ ਦੇ ਨਾਲ ਹੀ ਪੰਜਾਬ ‘ਚ ਬਣੇ ਹੜ੍ਹ ਵਰਗੇ ਹਾਲਾਤਾਂ ‘ਤੇ ਭਾਜਪਾ ਪੰਜਾਬ ਦੇ ਪ੍ਰਧਾਨ ਜਾਖੜ ਨੇ ਕਿਹਾ ਗ੍ਰਹਿ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀ ਮਾਨ ਨੂੰ ਸਹਾਇਤਾ ਦੇਣ ਦਾ ਭਰੋਸਾ ਦੇ ਚੁੱਕੇ ਹੈ।
ਅੱਜ ਚੰਡੀਗੜ੍ਹ ਸਥਿਤ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਹੋਏ ਤਾਜਪੋਸ਼ੀ ਪ੍ਰੋਗਰਾਮ ਵਿੱਚ ਨਾ ਸਿਰਫ਼ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਗ਼ੈਰਹਾਜ਼ਰ ਰਹੇ, ਸਗੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਗ਼ੈਰਹਾਜ਼ਰ ਰਹੇ। ਕੈਪਟਨ ਦੇ ਪਰਿਵਾਰ ਵਿੱਚੋਂ ਵੀ ਕੋਈ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਇਆ। ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਬਾਦਲ, ਜੋ ਅਕਾਲੀ ਛੱਡ ਕੇ ਕਾਂਗਰਸ ਅਤੇ ਫਿਰ ਭਾਜਪਾ ਵਿੱਚ ਚਲੇ ਗਏ ਸਨ, ਵੀ ਪ੍ਰੋਗਰਾਮ ਤੋਂ ਦੂਰ ਰਹੇ। ਸਮਾਗਮ ਵਿੱਚ ਮੌਜੂਦ ਲੋਕਾਂ ਵਿੱਚ ਇਨ੍ਹਾਂ ਪਾਰਟੀ ਆਗੂਆਂ ਦੀ ਗੈਰਹਾਜ਼ਰੀ ਦੀ ਕਾਫੀ ਚਰਚਾ ਰਹੀ। ਭਾਜਪਾ ਦੇ ਆਪਣੇ ਹੀ ਲੋਕ ਇਹ ਰੌਲਾ ਪਾ ਰਹੇ ਸਨ ਕਿ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਉਸ ਦਿਨ ਤੋਂ ਖੁਦ ਨੂੰ ਦੂਰ ਕਰ ਲਿਆ ਸੀ, ਜਿਸ ਦਿਨ ਪਾਰਟੀ ਹਾਈਕਮਾਂਡ ਨੇ ਕਾਂਗਰਸ ਤੋਂ ਕੁਝ ਮਹੀਨੇ ਪਹਿਲਾਂ ਭਾਜਪਾ ਵਿਚ ਸ਼ਾਮਲ ਹੋਏ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਉਣ ਦਾ ਫੈਸਲਾ ਕੀਤਾ ਸੀ।