ਪੰਜਾਬ ਲਈ ਰਾਹਤ ਦੀ ਖਬਰ ਆਈ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਭਾਖੜਾ ਡੈਮ ਤੋਂ ਪਾਣੀ ਛੱਡਣ ਦਾ ਫੈਸਲਾ ਮੁਲਤਵੀ ਕਰ ਦਿੱਤਾ ਹੈ। ਦੱਸ ਦਈਏ ਕਿ ਇਸ ਵਿਸ਼ੇ ‘ਤੇ ਚੰਡੀਗੜ੍ਹ ਬੋਰਡ ਹੈੱਡਕੁਆਰਟਰ ‘ਚ ਮੀਟਿੰਗ ਹੋਈ। ਜਿਸ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਤਿੰਨ ਦਿਨ ਤੱਕ ਪਾਣੀ ਨਹੀਂ ਛੱਡਿਆ ਜਾਵੇਗਾ। ਜਾਣਕਾਰੀ ਲਈ ਦੱਸ ਦੇਈਏ ਕਿ 11 ਜੁਲਾਈ ਮੰਗਲਵਾਰ ਨੂੰ ਬੀਬੀਐਮਬੀ ਵਾਟਰ ਰੈਗੂਲੇਸ਼ਨ ਵਿਭਾਗ ਦੇ ਡਿਪਟੀ ਚੀਫ ਇੰਜੀਨੀਅਰ ਨੇ ਕਿਹਾ ਸੀ ਕਿ 13 ਜੁਲਾਈ ਨੂੰ 13,000-16,000 ਕਿਊਸਿਕ ਪਾਣੀ ਛੱਡਿਆ ਜਾਵੇਗਾ। ਜਿਸ ਲਈ ਪੰਜਾਬ ਸਰਕਾਰ ਨੇ ਪਾਣੀ ਛੱਡਣ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ।
ਅਜਿਹੀ ਸਥਿਤੀ ਵਿੱਚ ਬੀਬੀਐਮਬੀ ਨੇ ਪੰਜਾਬ ਦੀ ਗੱਲ ਸੁਣ ਕੇ ਪਾਣੀ ਸਬੰਧੀ ਫੈਸਲਾ ਵਾਪਸ ਲੈ ਲਿਆ ਹੈ ਅਤੇ ਹੁਣ ਤਿੰਨ ਦਿਨਾਂ ਬਾਅਦ ਸਥਿਤੀ ਨੂੰ ਦੇਖ ਕੇ ਪਾਣੀ ਛੱਡਣ ਜਾਂ ਨਾ ਛੱਡਣ ਬਾਰੇ ਫੈਸਲਾ ਲਿਆ ਜਾਵੇਗਾ। ਇਸ ਦੇ ਨਾਲ ਹੀ ਹਿਮਾਚਲ ‘ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੰਜਾਬ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਦੂਜੇ ਪਾਸੇ ਮੰਗਲਵਾਰ ਨੂੰ ਪੰਡੋਹ ਡੈਮ ਤੋਂ ਪਾਣੀ ਛੱਡਣ ਕਾਰਨ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧ ਗਿਆ। ਜਿਸ ਕਾਰਨ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਦਾ ਪਾਣੀ ਵਧਣ ਨਾਲ ਝੀਲ ਦਾ ਪੱਧਰ ਅੱਜ 1368.8 ਤੱਕ ਪਹੁੰਚ ਗਿਆ ਹੈ।