ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਪੰਜਾਬ ਵਿਜੀਲੈਂਸ ਲਗਾਤਾਰ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਜਾਂਚ ਕਰ ਰਹੀ ਹੈ। ਹੁਣ ਇਕ ਵਾਰ ਫਿਰ ਵਿਜੀਲੈਂਸ ਬਿਊਰੋ ਨੇ ਸਾਬਕਾ ਸੀ.ਐਮ. ਚੰਨੀ ਨੂੰ ਤਲਬ ਕਰ ਲਿਆ ਹੈ। ਵਿਜੀਲੈਂਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 13 ਜੂਨ ਨੂੰ ਵਿਜੀਲੈਂਸ ਹੈੱਡਕੁਆਰਟਰ ਬੁਲਾਇਆ ਹੈ ਅਤੇ ਪ੍ਰੋਫਾਰਮਾ ਭਰ ਕੇ ਲਿਆਉਣ ਲਈ ਕਿਹਾ ਹੈ।
ਇਥੇ ਇਹ ਵੀ ਦਸਣਾ ਬਣਦਾ ਹੈ ਕਿ ਲੰਘੀ 14 ਅਪ੍ਰੈਲ ਨੂੰ ਵਿਜੀਲੈਂਸ ਨੇ ਚਰਨਜੀਤ ਸਿੰਘ ਚੰਨੀ ਨੂੰ ਤੋਂ ਕਈ ਘੰਟੇ ਪੁੱਛਗਿੱਛ ਕੀਤੀ ਸੀ। ਵਿਜੀਲੈਂਸ ਚੰਨੀ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਸੀ। ਜਿਸ ਤੋਂ ਬਾਅਦ ਟੀਮ ਨੇ ਚਰਨਜੀਤ ਸਿੰਘ ਚੰਨੀ ਨੂੰ ਆਪਣੀ ਜਾਇਦਾਦ ਅਤੇ ਬੈਂਕ ਬੈਲੇਂਸ ਦੀ ਜਾਣਕਾਰੀ ਦੇਣ ਵਾਲਾ ਪ੍ਰੋਫਾਰਮਾ ਭਰਨ ਲਈ ਕਿਹਾ ਸੀ। ਇਸ ਸਬੰਧੀ ਚੰਨੀ ਨੂੰ 15 ਦਿਨ ਦਾ ਸਮਾਂ ਦਿੱਤਾ ਗਿਆ ਸੀ ਪਰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਚਰਨਜੀਤ ਸਿੰਘ ਚੰਨੀ ਨੇ ਵਿਜੀਲੈਂਸ ਨੇ ਪ੍ਰੋਫਾਰਮਾ ਭਰ ਕੇ ਨਹੀਂ ਦਿੱਤਾ, ਜਿਸ ਕਰਕੇ ਹੁਣ ਵਿਜੀਲੈਂਸ ਨੇ ਸਾਬਕਾ ਸੀ ਐਮ ਚਰਨਜੀਤ ਸਿੰਘ ਚੰਨੀ ਨੂੰ ਮੁੜ ਸੰਮਨ ਭੇਜਿਆ ਹੈ।