ਪੰਜਾਬ ਵਿਧਾਨ ਸਭਾ ਦੇ ਦੋ ਦਿਨਾਂ ਸਪੈਸ਼ਲ ਸੈਸ਼ਨ ਦੀ ਸ਼ੁਰੂਆਤ ਅੱਜ ਹੋ ਚੁੱਕੀ ਹੈ। ਇਸ ਦੌਰਾਨ ਸਭ ਤੋਂ ਪਹਿਲਾਂ ਸੰਦਨ ਵਿਚ ਵਿੱਛੜੀਆਂ ਰੂਹਾਂ ਨੂੰ ਯਾਦ ਕਰਕੇ ਉਹਨਾਂ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਸਾਬਕਾ ਮੰਤਰੀ ਚੌਧਰੀ ਸਵਰਨਾ ਰਾਮ, ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ, ਸਾਬਕਾ ਵਿਧਾਇਕ ਰੁਮਾਲ ਚੰਦ, ਸੁਤੰਤਰਤਾ ਸੈਨਾਨੀ ਉਜਾਗਰ ਸਿੰਘ, ਹੌਲਦਾਰ ਸ਼ਹੀਦ ਮਨਦੀਪ ਸਿੰਘ ਅਤੇ ਖਿਡਾਰੀ ਕੌਰ ਸਿੰਘ ਨੂੰ ਯਾਦ ਕੀਤਾ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਓਡੀਸਾ ਰੇਲ ਹਾਦਸੇ ‘ਚ ਮਾਰੇ ਗਏ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਦੀ ਮੰਗ ਕੀਤੀ ਜਿਸ ਤੋਂ ਬਾਅਦ ਸਾਰੀਆਂ ਵਿਛੜੀਆਂ ਸ਼ਰਧਾਂਜਲੀਆਂ ਲਈ ਮੌਨ ਧਾਰਨ ਕੀਤਾ ਗਿਆ ਅਤੇ ਫਿਰ ਸਦਨ ਦੀ ਕਾਰਵਾਈ 20 ਜੂਨ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਇਸ ਮੌਕੇ ਪੰਜਾਬ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਦੋ ਦਿਨਾਂ ਸੈਸ਼ਨ ਦਾ ਪਹਿਲਾ ਦਿਨ ਸਿਰਫ਼ ਸ਼ਰਧਾਂਜਲੀ ਦੇਣ ਤੱਕ ਸੀਮਤ ਰੱਖਣ ‘ਤੇ ਸਵਾਲ ਖੜੇ ਕੀਤੇ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਅਤੇ ‘ਆਪ’ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਮਾਮਲੇ ਵੀ ਕਾਂਗਰਸ ਵੱਲੋਂ ਸਦਨ ਦੇ ਅੰਦਰ ਅਤੇ ਵਿਧਾਨ ਸਭਾ ਕੰਪਲੈਕਸ ਵਿੱਚ ਉਠਾਏ ਜਾਣਗੇ। ਇਸ ਦੌਰਾਨ ਭਾਜਪਾ ਸੂਬੇ ਵਿੱਚ ਕਾਨੂੰਨ ਵਿਵਸਥਾ ਦਾ ਮੁੱਦਾ ਉਠਾ ਰਹੀ ਹੈ। ਪਾਰਟੀ ਸੂਬਾ ਸਰਕਾਰ ਤੋਂ ਸਦਨ ‘ਚ ਇਸ ਮੁੱਦੇ ‘ਤੇ ਵ੍ਹਾਈਟ ਪੇਪਰ ਲਿਆਉਣ ਦੀ ਮੰਗ ਕਰੇਗੀ। ਇਹ ਸੰਕੇਤ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੇ ਐਤਵਾਰ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ ਡੇਢ ਸਾਲ ਵਿੱਚ ਕਿੰਨੇ ਕਤਲ ਹੋਏ ਹਨ? ਕਿੰਨੇ ਅਪਰਾਧੀ ਫੜੇ ਗਏ ਅਤੇ ਕਿੰਨੇ ਬਾਹਰ ਘੁੰਮ ਰਹੇ ਹਨ?