ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਾ ਹੋਣਾ ਸ਼ੁਰੂ ਹੋ ਗਿਆ। ਵਿਧਾਨ ਸਭਾ ‘ਚ ਕਾਂਗਰਸੀ ਵਿਧਾਇਕਾਂ ਵੱਲੋਂ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ‘ਤੇ ਘੇਰਿਆ ਗਿਆ ਅਤੇ ਫਿਰ ਸਦਨ ‘ਚੋਂ ਵਾਕਆਊਟ ਕਰ ਦਿੱਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਨੂੰ ਲੈ ਕੇ ਕਿਹਾ ਪੰਜਾਬ ਪੁਲਿਸ ਵੱਲੋਂ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਸ਼ਾਹਕੋਟ ਇਲਾਕੇ ‘ਚ ਆਪਰੇਸ਼ਨ ਅੰਮ੍ਰਿਤਪਾਲ ਚਲਾਇਆ ਗਿਆ।
ਉਨ੍ਹਾਂ ਕਿਹਾ ਕਿ ਇਹ ਸੋਚੀ-ਸਮਝੀ ਸਾਜ਼ਿਸ਼ ਸੀ ਕਿਉਂਕਿ ਕੇਂਦਰ ਸਰਕਾਰ ਆਪਣਾ ਲਾਹਾ ਲੈਣਾ ਚਾਹੁੰਦੀ ਸੀ ਅਤੇ ਪੰਜਾਬ ਸਰਕਾਰ ਜਲੰਧਰ ਲੋਕ ਸਭਾ ਚੋਣ ਦੌਰਾਨ ਆਪਣਾ ਫ਼ਾਇਦਾ ਦੇਖ ਰਹੀ ਸੀ, ਨਹੀਂ ਤਾਂ ਅੰਮ੍ਰਿਤਪਾਲ ‘ਤੇ ਕਾਰਵਾਈ ਕਿਤੇ ਵੀ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਸੋਚੀ ਸਮਝੀ ਸਾਜਿਸ਼ ਤਹਿਤ ਜਿਸ ਬੰਦੇ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਸੀ, ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਬਾਜਵਾ ਨੇ ਕਿਹਾ ਕਿ ਪੰਜਾਬ ਪੁਲਸ ਨੂੰ ਸਭ ਪਤਾ ਹੈ ਕਿ ਕਿਵੇਂ ਅੰਮ੍ਰਿਤਪਾਲ ਨੇ ਗੱਡੀ ਬਦਲੀ, ਕਿੱਥੇ ਕੱਪੜੇ ਬਦਲੇ ਪਰ ਇਹ ਨਹੀਂ ਪਤਾ ਕਿ ਉਹ ਇਸ ਵੇਲੇ ਕਿੱਥੇ ਹੈ। ਬਾਜਵਾ ਨੇ ਸਪੀਕਰ ‘ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਵਿਧਾਨ ਸਭਾ ਦਾ ਸਪੀਕਰ ਇਕ ਫਰਜ਼ੀ ਸਪੀਕਰ ਹੈ।