ਪੰਜਾਬ ਸਰਕਾਰ ਲਗਾਤਾਰ ਵਿਵਾਦਾਂ ਦੇ ਘੇਰੇ ਵਿਚ ਘਿਰਦੀ ਜਾ ਰਹੀ ਹੈ। ਆਏ ਦਿਨ ਨਵੇਂ ਵਿਸ਼ਿਆਂ ਕਾਰਨ ਸਰਕਾਰ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ। ਇਸੇ ਦਰਮਿਆਨ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਪੰਜਾਬ ’ਚ ਨਕਲੀ ਸ਼ਰਾਬ ਦੀ ਵਿਕਰੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਫ਼ਟਕਾਰ ਲਾਈ ਹੈ। ਕੋਰਟ ਨੇ ਕਿਹਾ ਕਿ ਜੇਕਰ ਨਕਲੀ ਸ਼ਰਾਬ ਦੀ ਵਿਕਰੀ ’ਤੇ ਰੋਕ ਨਾ ਲਾਈ ਗਈ ਤਾਂ ਨੌਜਵਾਨ ਖ਼ਤਮ ਹੋ ਜਾਣਗੇ। ਜ਼ਿਆਦਾਤਰ ਗਰੀਬ ਲੋਕ ਇਸ ਤੋਂ ਪੀੜਤ ਹਨ, ਜੋ ਸ਼ਰਾਬ ਪੀਂਦੇ ਹਨ। ਸੁਪਰੀਮ ਕੋਰਟ ਸੂਬੇ ’ਚ ਵੱਡੇ ਪੱਧਰ ’ਤੇ ਨਾਜਾਇਜ਼ ਸ਼ਰਾਬ ਦੇ ਬਣਨ ਅਤੇ ਵਿਕਰੀ ਦੇ ਸਬੰਧ ’ਚ ਇਕ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ। ਇਸ ਅਹਿਮ ਮੁੱਦੇ ’ਤੇ ਆਪਣੀ ਦਲੀਲ ਦਿੰਦੇ ਹੋਏ ਜਸਟਿਸ ਐੱਮ. ਆਰ. ਸ਼ਾਹ ਨੇ ਕਿਹਾ ਕਿ ਪੰਜਾਬ ਦੀ ਹਰ ਗਲੀ ’ਚ ਇਕ ਭੱਠੀ ਹੁੰਦੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਨਸ਼ੇ ਅਤੇ ਸ਼ਰਾਬ ਦੀ ਸਮੱਸਿਆ ਪੰਜਾਬ ਦਾ ਇਕ ਗੰਭੀਰ ਮੁੱਦਾ ਹੈ।
ਕੋਰਟ ਮੁਤਾਬਕ ਸਰਕਾਰ ਸਿਰਫ਼ FIR ਦਰਜ ਕਰ ਰਹੀ ਹੈ ਪਰ ਮਸਲਾ ਇਹ ਹੈ ਕਿ ਹਰ ਮੁਹੱਲੇ ਅਤੇ ਗਲੀ ’ਚ ਇਕ ਭੱਠੀ ਹੈ। ਜਸਟਿਸ ਸ਼ਾਹ ਨੇ ਸਰਕਾਰ ਤੋਂ ਪੁੱਛਿਆ ਕਿ ਫੜੇ ਗਏ ਲੋਕਾਂ ’ਤੇ ਕਦੋਂ ਮੁਕੱਦਮਾ ਚੱਲੇਗਾ? ਹਾਲਾਂਕਿ ਜਸਟਿਸ ਵੱਲੋਂ ਇਹ ਵੀ ਦਲੀਲ ਦਿੱਤੀ ਗਈ ਕਿ ਤੁਸੀਂ ਤਾਂ ਦੇਸ਼ ਨੂੰ ਖ਼ਤਮ ਹੀ ਕਰ ਦਿਓਗੇ। ਜੇਕਰ ਬਾਰਡਰ ਖੇਤਰ ਹੀ ਸੁਰੱਖਿਅਤ ਨਹੀਂ ਤਾਂ ਕਿਵੇਂ ਚਲੇਗਾ?
ਓਧਰ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਪੰਜਾਬ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਪੰਜਾਬ ‘ਚ ਵੱਧ ਰਹੇ ਨਸ਼ੇ ਦੇ ਪ੍ਰਸਾਰ ਨੂੰ ਲੈ ਕੇ ਸੁਪਰੀਮ ਕੋਰਟ ਦੇ ਮਾਣਯੋਗ ਜੱਜ ਸਾਹਿਬ ਵੱਲੋਂ ਭਗਵੰਤ ਮਾਨ ਸਰਕਾਰ ਨੂੰ ਅੱਜ ਸਖ਼ਤ ਝਾੜ ਪਾਈ ਗਈ ਹੈ। ਜਿਸ ਤਰ੍ਹਾਂ ਪੰਜਾਬ ਅੰਦਰ ਭੱਠੀਆਂ ਲੱਗ ਰਹੀਆਂ ਹਨ, ਇਹ ਜਵਾਨੀ ਖ਼ਤਮ ਕਰ ਦੇਵੇਗੀ। ਸਿਰਸਾ ਨੇ ਕਿਹਾ ਕਿ ਪੰਜਾਬ ਸਰਕਾਰ ਇਕ ਫੇਲ੍ਹ ਸਰਕਾਰ ਹੈ। ਪੰਜਾਬ ਸਰਕਾਰ ਇਸ ਮੁੱਦੇ ’ਤੇ ਕੋਈ ਕਾਰਵਾਈ ਨਹੀਂ ਕਰਦੀ, ਸਿਰਫ਼ FIR ਕਰ ਕੇ ਛੱਡ ਦਿੰਦੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜ਼ਮੀਨੀ ਪੱਧਰ ’ਤੇ ਕੰਮ ਨਹੀਂ ਕਰ ਰਹੇ। ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਸ਼ਰਮ ਆਉਣੀ ਚਾਹੀਦੀ ਹੈ। ਸੁਪਰੀਮ ਕੋਰਟ ਪੰਜਾਬ ਸਰਕਾਰ ਨੂੰ ਝਾੜ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਅਰਵਿੰਦ ਕੇਜਰੀਵਾਲ ਜ਼ਰੂਰ ਪੰਜਾਬ ਦੀ ਕਮਾਂਡ ਭਗਵੰਤ ਮਾਨ ਦੇ ਹੱਥ ’ਚ ਦੇਣਗੇ ਤਾਂ ਕਿ ਪੰਜਾਬ ਦਾ ਕੁਝ ਭਲਾ ਹੋ ਸਕੇ।