ਪੰਜਾਬ ਦੇ ਮੌਜੂਦਾ ਹਾਲਾਤਾਂ ਦੋਰਾਨ ਮੀਡੀਆ ਅਦਾਰੇ ਨਾਲ ਹੋ ਰਹੀਆਂ ਕਾਰਵਾਈਆਂ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ 7 ਅਪ੍ਰੈਲ ਯਾਨੀ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਸ਼ੇਸ਼ ਇਕੱਤਰਤਾ ਸੱਦੀ ਗਈ ਸੀ। ਇਸ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਵੱਡਾ ਇਕੱਠ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚਿਆ। ਇਸ ਦੌਰਾਨ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੰਬੋਧਨ ਕਰਦਿਆਂ ਐਲਾਨ ਕੀਤਾ ਗਿਆ ਕਿ ਐਂਟੀ ਸਿੱਖ ਫੋਬੀਆ ਜਾਂ ਪੰਜਾਬ ਫੋਬੀਆ ਵਿਖਾਉਣ ਵਾਲੇ ਅਤੇ ਸਿੱਖਾਂ ਖਿਲਾਫ਼ ਝੂਠੀਆਂ ਖ਼ਬਰਾਂ ਫੈਲਾਉਣ ਵਾਲਿਆਂ ਖਿਲਾਫ਼ ਇਕ ਮਜ਼ਬੂਤ ਗਰੁੱਪ ਤਿਆਰ ਕੀਤਾ ਜਾਵੇਗਾ। ਨਾਲ ਹੀ ਉਹਨਾਂ ਕਿਹਾ ਕਿ ਪੱਤਰਕਾਰ ਭਾਈਚਾਰਾ ਇਸ ਗੁਰੱਪ ਨਾਲ ਸਾਡਾ ਸਹਿਯੋਗ ਕਰੇਗਾ।
ਇਸ ਦੇ ਨਾਲ ਹੀ ਜਥੇਦਾਰ ਨੇ ਕਿਹਾ ਕਿ ਸਿੱਖਾਂ ਖਿਲਾਫ਼ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਸਿੱਖ ਰਾਜ ਦੇ ਝੰਡੇ ਨੂੰ ਖਾਲਿਸਤਾਨ ਦੱਸ ਕੇ ਬਦਨਾਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਥੇਦਾਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ‘ਚ ਜੋ ਮਾਹੌਲ ਬਣਾਇਆ ਗਿਆ ਹੈ ਉਸਨੂੰ ਠੀਕ ਕੀਤਾ ਜਾਵੇ। ਅਜਿਹੇ ਮਾਹੌਲ ਦੇ ਨਾਲ ਪੰਜਾਬ ਸਰਕਾਰ ਦਾ ਅਕਸ ਖ਼ਰਾਬ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਦੁਨੀਆਂ ’ਚ ਜੇਕਰ ਕੋਈ ਵੀ ਪੱਤਰਕਾਰ ਸਰਕਾਰ ਖਿਲਾਫ਼ ਆਵਾਜ਼ ਉਠਾਵੇਗਾ ਤਾਂ ਉਸ ਨਾਲ ਹੋਰ ਕੋਈ ਖੜ੍ਹੇ ਜਾਂ ਨਾ ਖੜ੍ਹੇ ਅਕਾਲ ਤਖ਼ਤ ਸਾਹਿਬ ਜ਼ਰੂਰ ਖੜ੍ਹੇਗਾ। ਇਸਦੇ ਨਾਲ ਹੀ ਉਹਨਾਂ ਨੇ ਮੁੜ ਅੰਮ੍ਰਿਤਪਾਲ ਸਿੰਘ ਨੂੰ ਸਰੰਡਰ ਕਰਨ ਦੀ ਅਪੀਲ ਕੀਤੀ ਹੈ।