ਜ਼ੀਰਕਪੁਰ ਵਿਖੇ ਫਲੈਕਸ ਲਗਾਉਣ ਪੁੱਜੇ ਵਿਅਕਤੀ ਦੀ ਟੈਫਿਕ ਪੁਲਿਸ ਮੁਲਾਜ਼ਮ ਨਾਲ ਹੱਥੋਂ ਪਾਈ ਹੋ ਗਈ। ਮਾਮਲਾ ਇੰਨਾ ਜ਼ਿਆਦਾ ਗਰਮਾ ਗਿਆ ਕਿ ਗੱਲ ਗਾਲੀ-ਗਲੋਚ ਤੱਕ ਪਹੁੰਚ ਗਿਆ। ਇਸ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿਚ ਜ਼ੀਰਕਪੁਰ ਦੀ ਛੱਤ ਲਾਈਟ ਪੁਆਇੰਟ ‘ਤੇ ਬੈਰੀਕੇਡਸ ਉੱਪਰ ਫਲੈਕਸ ਲਗਾਉਣ ਪੁੱਜੇ ਇਕ ਵਿਅਕਤੀ ਅਤੇ ਪੁਲਿਸ ਮੁਲਾਜ਼ਮ ਆਪਸ ‘ਚ ਉਲਝਦੇ ਹੋਏ ਵਿਖਾਈ ਦੇ ਰਹੇ ਹਨ।
ਇਸ ਤੋਂ ਬਾਅਦ ਵਿਅਕਤੀ ਨੇ ਪੁਲਸ ਹੈਲਪਲਾਈਨ 112 ਨੰਬਰ ‘ਤੇ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਪੀੜਤ ਸਚਿਨ ਨੇ ਦੋਸ਼ ਲਾਇਆ ਕਿ ਟ੍ਰੈਫਿਕ ਮੁਲਾਜ਼ਮ ਨੇ ਉਸ ਨੂੰ ਕਿਹਾ ਕਿ ਜੇਕਰ ਫਲੈਕਸ ਲਾਉਣੀ ਹੈ ਤਾਂ ਉਸ ਨੂੰ 25 ਹਜ਼ਾਰ ਰੁਪਏ ਮਹੀਨੇ ਦੇਣੇ ਪੈਣਗੇ। ਇਸ ਤੋਂ ਮਨ੍ਹਾਂ ਕਰਨ ‘ਤੇ ਪੁਲਸ ਮੁਲਾਜ਼ਮ ਨੇ ਸਚਿਨ ਨੂੰ ਗਾਲ੍ਹਾਂ ਕੱਢੀਆਂ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਸਚਿਨ ਦੇ ਨਾਲ ਵਾਲੇ ਵਿਅਕਤੀ ਨੇ ਇਸ ਸਭ ਦੀ ਵੀਡੀਓ ਬਣਾ ਲਈ ਤਾਂ ਮੁਲਾਜ਼ਮਾਂ ਨੇ ਇਸ ਨੂੰ ਬੰਦ ਕਰਵਾ ਦਿੱਤਾ।