ਪੰਜਾਬ ਦੇ ਫਿਰੋਜ਼ਪੁਰ ਜ਼ਿਲੇ ‘ਚ ਪਾਕਿਸਤਾਨੀ ਸਮੱਗਲਰਾਂ ਨਾਲ ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਦੀ ਮੁਠਭੇੜ ਹੋਈ ਹੈ। ਬੀਐਸਐਫ ਨੇ 2 ਤਸਕਰਾਂ ਨੂੰ ਫੜਨ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ। ਗੋਲੀ ਲੱਗਣ ਕਾਰਨ ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਦੇ ਨਾਲ ਹੀ ਬੀਐਸਐਫ ਨੇ ਇਸ ਕਾਰਵਾਈ ਵਿੱਚ 29.26 ਕਿਲੋ ਹੈਰੋਇਨ ਵੀ ਜ਼ਬਤ ਕੀਤੀ ਹੈ। ਫਿਲਹਾਲ ਇਲਾਕੇ ‘ਚ ਤਲਾਸ਼ੀ ਮੁਹਿੰਮ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਤੜਕੇ ਪੌਣੇ ਤਿੰਨ ਵਜੇ ਦੇ ਕਰੀਬ ਵਾਪਰੀ। ਸੂਚਨਾ ਮਿਲਣ ਤੋਂ ਬਾਅਦ ਬੀਐਸਐਫ ਅਤੇ ਪੰਜਾਬ ਪੁਲਿਸ (ਸੀ.ਆਈ. ਫਿਰੋਜ਼ਪੁਰ) ਵੱਲੋਂ ਪਿੰਡ ਗੱਟੀ ਮਟੌਰ ਨੇੜੇ ਸਤਲੁਜ ਦਰਿਆ ਦੇ ਕੰਢੇ ਇੱਕ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ। ਤੜਕੇ 2:45 ਵਜੇ ਦੇ ਕਰੀਬ, ਬੀਐਸਐਫ ਨੇ ਕੁਝ ਪਾਕਿ ਤਸਕਰਾਂ ਦੀ ਪਾਕਿਸਤਾਨ ਤੋਂ ਭਾਰਤ ਵੱਲ ਆ ਰਹੀ ਹਰਕਤ ਵੇਖੀ।
ਦੱਸਿਆ ਜਾ ਰਿਹਾ ਹੈ ਕਿ ਜਵਾਨਾਂ ਨੇ ਪਹਿਲਾਂ ਤਾਂ ਉਨ੍ਹਾਂ ਨੂੰ ਲਲਕਾਰਿਆ ਪਰ ਉਨ੍ਹਾਂ ਦੀ ਜਵਾਬੀ ਕਾਰਵਾਈ ‘ਤੇ ਖਤਰੇ ਨੂੰ ਭਾਂਪਦੇ ਹੋਏ ਬੀਐੱਸਐੱਫ ਦੇ ਜਵਾਨਾਂ ਨੇ ਤਸਕਰਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਤਸਕਰਾਂ ਵੱਲੋਂ ਵੀ ਜਵਾਬੀ ਗੋਲੀਬਾਰੀ ਕੀਤੀ ਗਈ। ਇਸ ਦੌਰਾਨ ਇਕ ਤਸਕਰ ਦੇ ਹੱਥ ‘ਤੇ ਗੋਲੀ ਲੱਗ ਗਈ। ਇਸ ਤੋਂ ਬਾਅਦ ਬੀਐਸਐਫ ਅਤੇ ਸੀਆਈ ਫਿਰੋਜ਼ਪੁਰ ਨੇ 2 ਸਮੱਗਲਰਾਂ ਨੂੰ ਖੇਪ ਸਮੇਤ ਗ੍ਰਿਫ਼ਤਾਰ ਕੀਤਾ ਹੈ। ਬੀਐਸਐਫ ਅਧਿਕਾਰੀਆਂ ਮੁਤਾਬਕ ਨੀਲੇ ਰੰਗ ਦੇ ਡਰੰਮ ਵਿੱਚ ਕੁੱਲ 26 ਪੈਕੇਟ ਮਿਲੇ ਹਨ, ਜਿਨ੍ਹਾਂ ਦਾ ਵਜ਼ਨ 29.26 ਕਿਲੋ ਦੇ ਕਰੀਬ ਸੀ। ਫਸਟ ਏਡ ਤੋਂ ਬਾਅਦ ਜ਼ਖਮੀ ਤਸਕਰ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਲਾਕੇ ‘ਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।