ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਪਹਿਲ ਹੀ ਦਿਨ ਹੰਗਾਮੇ ਭਰਿਆ ਰਿਹਾ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ ਨਾਲ ਸੈਸ਼ਨ ਦੀ ਸ਼ੁਰੂਆਤ ਹੋਈ ਪਰ ਰਾਜਪਾਲ ਜਦੋਂ ਭਾਸ਼ਣ ਦੇ ਰਹੇ ਸੀ ਤਾਂ ਉਸ ਵਖ਼ਤ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਵਾਕ-ਆਊਟ ਕਰ ਦਿੱਤਾ ਗਿਆ। ਇਸ ਦੌਰਾਨ ਸਦਨ ਤੋਂ ਬਾਹਰ ਆਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਇਹ ਬਿਆਨ ਦਿੰਦੇ ਹੋਏ ਕਿਹਾ ਕਿ ਅਸੀ ‘ਮੇਰੀ ਸਰਕਾਰ’ ਸ਼ਬਦ ‘ਤੇ ਇਤਰਾਜ਼ ਜਤਾਇਆ ਹੈ, ਕਿਉਂਕਿ ਉਹਨਾਂ ਦਾ ਪਹਿਲਾਂ ਤੋਂ ਹੀ ਸਰਕਾਰ ਨਾਲ ਰੌਲਾ ਚੱਲ ਰਿਹਾ ਹੈ ਅਤੇ ਸਰਕਾਰ ਉਹਨਾਂ ਨੂੰ ਆਪਣਾ ਰਾਜਪਾਲ ਮੰਨਦੀ ਹੀ ਨਹੀਂ। ਰਾਜਾ ਵੜਿੰਗ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਰਾਜਪਾਲ ਖੁਦ ਇਸ ਮੁੱਦੇ ‘ਤੇ ਚੁਸਕੀਆਂ ਲੈ ਰਹੇ ਸੀ। ਉਹ ਆਪ ਚਾਹੁੰਦੇ ਸੀ ਕਿ ਇਹ ਮੁੱਦਾ ਚੁੱਕਿਆ ਜਾਵੇ।
ਇਸਦੇ ਨਾਲ ਹੀ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਨੇ ਆਪਣਾ ਬਿਆਨ ਜਾਰੀ ਕੀਤਾ ਹੈ। ਪ੍ਰਤਾਪ ਬਾਜਵਾ ਨੇ ਕਿਹਾ ਕਿ ਅਸੀਂ ਰਾਜਪਾਲ ਦੇ ਸੰਬੋਧਨ ਦੌਰਾਨ ‘ਮੇਰੀ ਸਰਕਾਰ’ ਸ਼ਬਦ ‘ਤੇ ਇਤਰਾਜ਼ ਜਤਾਇਆ ਕਿਉਂਕਿ ਜਦੋਂ ਰਾਜ ਸਰਕਾਰ ਰਾਜਪਾਲ ਨੂੰ ਆਪਣਾ ਮੁਖੀ ਨਹੀਂ ਮੰਨਦੀ ਤਾਂ ਉਹ ਭਾਸ਼ਣ ਵਿੱਚ ਮੇਰੀ ਸਰਕਾਰ ਸ਼ਬਦ ਦੀ ਵਰਤੋਂ ਕਿਵੇਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਰਾਜਪਾਲ ਨੂੰ ਸਰਕਾਰ ਨੂੰ ਪੱਤਰ ਲਿਖ ਕੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਬਾਜਵਾ ਨੇ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰਨ ਬਾਰੇ ਭਗਵੰਤ ਮਾਨ ਦੇ ਟਵੀਟ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਕਹਿ ਰਹੇ ਹਨ ਕਿ ਉਹ ਆਪਣੇ ਗੁਰੂ ਦੀ ਗੱਲ ਮੰਨਣਗੇ। ਉਹ ਜੋ ਵੀ ਕਹਿਣਗੇ ਉਹ ਕਰਨਗੇ ਭਾਵ ਮੁੱਖ ਮੰਤਰੀ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਨੁਸਾਰ ਕੰਮ ਕਰਨਗੇ। ਇਸੇ ਲਈ ਪੰਜਾਬ ਵਿੱਚ ਕੇਂਦਰੀ ਫੋਰਸ ਤਾਇਨਾਤ ਕੀਤੀ ਜਾ ਰਹੀ ਹੈ।