ਬੀਤੇ ਬੁੱਧਵਾਰ ਤੜਕੇ ਬਠਿੰਡਾ ਦੇ ਮਿਲਟਰੀ ਏਰੀਏ ‘ਚ 4 ਜਵਾਨਾਂ ਦੀ ਸੁੱਤੇ ਪਏ ਦੀ ਹੱਤਿਆ ਕਰ ਦਿੱਤੀ ਸੀ। ਜਿਸ ਗੁੱਥੀ ਨੂੰ ਹੁਣ ਪੰਜਾਬ ਪੁਲਿਸ ਨੇ ਸੁਲਝਾ ਲਿਆ ਹੈ। ਦਸ ਦਈਏ ਕਿ ਪੁਲਿਸ ਨੇ ਦੇਸਾਈ ਮੋਹਨ ਨਾਂ ਦੇ ਗਨਰ ਨੂੰ ਗ੍ਰਿਫਤਾਰ ਕੀਤਾ ਹੈ ਜੋ ਪਹਿਲਾਂ ਇਸ ਕੇਸ ਦਾ ਚਸ਼ਮਦੀਦ ਗਵਾਹ ਸੀ। ਉਸਨੇ ਹੀ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਸ ਨੂੰ ਹਮਲਾਵਰ ਇੰਸਾਸ ਰਾਈਫਲ ਅਤੇ ਕੁਹਾੜੀ ਨਾਲ ਦਿਖਾਈ ਦਿੱਤੇ ਸਨ। ਹਾਲਾਂਕਿ, ਬਾਅਦ ‘ਚ ਪੁਲਿਸ ਦਾ ਸ਼ੱਕ ਉਸ ਉਤੇ ਡੂੰਘਾ ਹੋ ਗਿਆ ਅਤੇ ਆਖਰਕਾਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਦੇਸਾਈ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਐਸਐਸਪੀ ਬਠਿੰਡਾ ਗੁਲਨੀਤ ਖੁਰਾਣਾ ਨੇ ਦੱਸਿਆ ਕਿ ਘਟਨਾ ਦੇ ਚਸ਼ਮਦੀਦ ਗਵਾਹ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੇਰ ਰਾਤ ਤੱਕ ਸੀਆਈਏ ਵਿੱਚ ਬੰਦ ਦੇਸਾਈ ਮੋਹਨ ਤੋਂ ਬਠਿੰਡਾ ਪੁਲਿਸ ਨੇ ਪੁੱਛਗਿੱਛ ਕੀਤੀ। ਪੁਲਿਸ ਮੁਤਾਬਕ ਦੇਸਾਈ ਮੋਹਨ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਚਾਰ ਜਵਾਨ ਉਸ ਦਾ ਜਿਨਸੀ ਸ਼ੋਸ਼ਣ ਕਰਦੇ ਸਨ, ਜਿਸ ਤੋਂ ਤੰਗ ਆ ਕੇ ਉਸ ਨੇ ਚਾਰਾਂ ਦੀ ਹੱਤਿਆ ਕਰ ਦਿੱਤੀ। ਦੱਸ ਦਈਏ ਕਿ ਬਠਿੰਡਾ ਦੇ ਮਿਲਟਰੀ ਸਟੇਸ਼ਨ ਉਤੇ ਬੁੱਧਵਾਰ ਤੜਕੇ ਚਾਰ ਫੌਜੀ ਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਦੇ ਸਮੇਂ ਇਹ ਸਾਰੇ ਜਵਾਨ ਸਟੇਸ਼ਨ ‘ਤੇ ਆਪਣੀ ਬੈਰਕ ‘ਚ ਸੌਂ ਰਹੇ ਸਨ। ਇਨ੍ਹਾਂ ਸਾਰਿਆਂ ਦੀ ਉਮਰ 24 ਤੋਂ 25 ਸਾਲ ਦਰਮਿਆਨ ਸੀ। ਅਜਿਹੇ ‘ਚ ਬਠਿੰਡਾ ਛਾਉਣੀ ਥਾਣੇ ‘ਚ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਆਈਪੀਸੀ-302 (ਕਤਲ) ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।