ਬਠਿੰਡਾ ਮਿਲਟਰੀ ਸਟੇਸ਼ਨ ਵਿੱਚ ਬੁੱਧਵਾਰ ਦੇਰ ਰਾਤ ਮੁੜ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਵਿਚ ਇੱਕ ਹੋਰ ਫੌਜੀ ਜਵਾਨ ਦੀ ਮੌਤ ਹੋ ਗਈ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਹੀ ਤੜਕਸਾਰ ਸਵੇਰੇ ਗੋਲੀਆਂ ਚੱਲੀਆਂ ਸੀ ਜਿਸ ਵਿਚ 4 ਫੌਜੀ ਜਵਾਨਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਪੁਲਿਸ ਨੇ ਐਫ.ਆਈ.ਆਰ. ਵੀ ਦਰਜ ਕਰ ਲਈ ਹੈ। ਦਸ ਦਈਏ ਕਿ ਕੱਲ੍ਹ ਰਾਤ ਚੱਲੀ ਗੋਲੀ ਵਿਚ ਮਾਰੇ ਗਏ ਜਵਾਨ ਦੀ ਪਛਾਣ ਲਘੁ ਰਾਜ ਵਜੋਂ ਹੋਈ ਹੈ। ਪੁਲਸ ਮੁਤਾਬਕ ਡਿਊਟੀ ‘ਤੇ ਮੌਜੂਦ ਇਕ ਜਵਾਨ ਨੂੰ ਅਚਾਨਕ ਗੋਲੀ ਲੱਗ ਗਈ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਬਲੇਗੌਰ ਹੈ ਕਿ ਡਿਊਟੀ ਦੌਰਾਨ ਹਥਿਆਰਾਂ ਦੀ ਸਫਾਈ ਕਰਦੇ ਸਮੇਂ ਇਹ ਹਾਦਸਾ ਵਾਪਰਿਆ ਹੈ। ਇਹ ਘਟਨਾ ਰਾਤ ਦੀ ਦੱਸੀ ਜਾ ਰਹੀ ਹੈ।
ਦਸ ਦਈਏ ਕਿ ਪੰਜਾਬ ਦੇ ਬਠਿੰਡਾ ਸਥਿਤ ਮਿਲਟਰੀ ਸਟੇਸ਼ਨ ‘ਤੇ ਬੁੱਧਵਾਰ ਤੜਕੇ ਹੋਈ ਗੋਲੀਬਾਰੀ ‘ਚ ਚਾਰ ਜਵਾਨ ਸ਼ਹੀਦ ਹੋ ਗਏ। ਇਨਸਾਸ ਰਾਈਫਲ ਅਤੇ ਕੁਹਾੜੀ ਦੇ ਨਾਲ ਅਪਰਾਧ ਸਥਾਨ ‘ਤੇ ਦੇਖੇ ਗਏ ਦੋ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਬਠਿੰਡਾ ਛਾਉਣੀ ਪੁਲਿਸ ਸਟੇਸ਼ਨ ਵਿਖੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਅਤੇ ਅਸਲਾ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ।
ਇਹ ਘਟਨਾ ਬੁੱਧਵਾਰ ਤੜਕੇ 4.30 ਵਜੇ ਦੇ ਕਰੀਬ ਤੋਪਖਾਨੇ ਦੀ ਇਕਾਈ ਵਿਚ ਮੈੱਸ ਦੇ ਪਿੱਛੇ ਬੈਰਕ ਨੇੜੇ ਵਾਪਰੀ ਅਤੇ 24 ਤੋਂ 25 ਸਾਲ ਦੀ ਉਮਰ ਦੇ ਚਾਰ ਜਵਾਨ ਸੌਂ ਰਹੇ ਸਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ, ”ਅਸੀਂ ਹੁਣ ਤੱਕ ਜੋ ਜਾਣਕਾਰੀ ਇਕੱਠੀ ਕੀਤੀ ਹੈ, ਉਸ ਤੋਂ ਇਹ ਸਾਫ ਹੈ ਕਿ ਇਹ ਕੋਈ ਅੱਤਵਾਦ ਦੀ ਕਾਰਵਾਈ ਨਹੀਂ ਹੈ।ਸ਼ੁਰੂਆਤ ‘ਚ ਪੁਲਸ ਨੇ ਇਹ ਘਟਨਾ ‘ਆਪਸੀ ਗੋਲੀਬਾਰੀ’ ਦੀ ਹੋਣ ਦਾ ਸੰਕੇਤ ਦਿੱਤਾ ਸੀ ਪਰ ਬਾਅਦ ‘ਚ ਅਧਿਕਾਰੀਆਂ ਨੇ ਕਿਹਾ ਕਿ ਸਥਿਤੀ ਅਜੇ ਸਪੱਸ਼ਟ ਨਹੀਂ ਹੈ।