ਪੰਜਾਬ ਦੇ ਹਾਲਾਤ ਬਦ-ਤੋਂ-ਬਦਤਰ ਹੁੰਦੇ ਜਾ ਰਹੇ ਹਨ। ਆਮ ਲੋਕ ਤਾਂ ਕੀ ਹੁਣ ਤਾਂ ਸਿਆਸੀ ਆਗੂ ਵੀ ਆਪਣੇ ਘਰ ‘ਚ ਸੁਰੱਖਿਅਤ ਨਹੀਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਹੈ ਜਿਥੇ ਪੰਜਾਬ ਭਾਜਪਾ ਐੱਸ. ਸੀ. ਮੋਰਚਾ ਦੇ ਆਗੂ ਬਲਵਿੰਦਰ ਸਿੰਘ ਗਿੱਲ ਨੂੰ ਉਹਨਾਂ ਦੇ ਘਰ ‘ਚ ਵੜਕੇ ਅਣਪਛਾਤੇ ਵਿਅਕਤੀਆਂ ਵਲੋਂ ਗੋਲ਼ੀਆਂ ਮਾਰ ਦਿੱਤੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਕੁਝ ਨਕਾਬਪੋਸ਼ ਹਮਲਾਵਰਾਂ ਨੇ ਉਨ੍ਹਾਂ ‘ਤੇ ਘਰ ‘ਚ ਵੜ ਕੇ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ। ਡੀ. ਐੱਸ. ਪੀ. ਨੇ ਦੱਸਿਆ ਕਿ ਉਨ੍ਹਾਂ ਨੂੰ ਇਲਾਜ ਲਈ ਅੰਮ੍ਰਿਤਸਰ ਵਿਖੇ ਭੇਜਿਆ ਗਿਆ ਹੈ। ਬਲਵਿੰਦਰ ਗਿੱਲ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਪੁਲਸ ਘਟਨਾ ਦੀ ਜਾਣਕਾਰੀ ਪ੍ਰਾਪਤ ਕਰ ਰਹੀ ਹੈ, ਜਾਂਚ ਵਿੱਚ ਜੋ ਵੀ ਮੁਲਜ਼ਮ ਪਾਇਆ ਗਿਆ, ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਪੁਲਸ ਮੁਤਾਬਕ ਭਾਜਪਾ ਆਗੂ ਆਪਣੇ ਘਰ ਆਰਾਮ ‘ਚ ਕਰ ਰਿਹਾ ਸੀ, ਉਦੋਂ ਬਾਈਕ ਸਵਾਰ ਅਣਪਛਾਤੇ ਅਨਸਰਾਂ ਨੇ ਉਨ੍ਹਾਂ ਦੇ ਘਰ ਦੀ ਬੈੱਲ ਵਜਾਈ ਤੇ ਜਿਵੇਂ ਹੀ ਭਾਜਪਾ ਆਗੂ ਨੇ ਗੇਟ ਖੋਲ੍ਹਿਆ ਤਾਂ ਮੁਲਜ਼ਮਾਂ ਨੇ ਉਨ੍ਹਾਂ ਦੇ ਮੂੰਹ ‘ਤੇ ਗੋਲ਼ੀ ਮਾਰ ਦਿੱਤੀ। ਜਾਣਕਾਰੀ ਅਨੁਸਾਰ ਗੋਲ਼ੀ ਬਲਵਿੰਦਰ ਦੇ ਜਬਾੜੇ ‘ਚੋਂ ਆਰ-ਪਾਰ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਬਾਈਕ ‘ਤੇ ਫਰਾਰ ਹੋ ਗਏ। ਗੋਲ਼ੀ ਦੀ ਆਵਾਜ਼ ਸੁਣਦੇ ਹੀ ਪਰਿਵਾਰ ਅਤੇ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਭਾਜਪਾ ਆਗੂ ਨੂੰ ਪਹਿਲਾਂ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਦੂਜੇ ਹਸਪਤਾਲ ਰੈਫਰ ਕਰ ਦਿੱਤਾ। ਮੌਕੇ ‘ਤੇ ਪਹੁੰਚੀ ਪੁਲਸ ਆਸ-ਪਾਸ ਦੇ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰੇ ਖੰਗਾਲਣ ਲੱਗੀ ਹੋਈ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਬੀਜੇਪੀ ਦਿਹਾਤੀ ਦੇ ਸਾਬਕਾ ਪ੍ਰਧਾਨ ਦੀਪ ਕੁਮਾਰ ਮਾਨਾ ਨੇ ਮੀਡੀਆ ਨੂੰ ਦੱਸਿਆ ਕਿ ਐੱਸ. ਸੀ. ਮੋਰਚਾ ਪੰਜਾਬ ਦੇ ਆਗੂ ‘ਤੇ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਗੋਲ਼ੀ ਮਾਰੀ ਗਈ ਹੈ, ਜੋ ਉਨ੍ਹਾਂ ਦੇ ਜਬਾੜੇ ਵਿੱਚ ਲੱਗੀ। ਗੋਲ਼ੀ ਲੱਗਣ ਨਾਲ ਬਲਵਿੰਦਰ ਸਿੰਘ ਗਿੱਲ ਦਾ ਜਬਾੜਾ ਬਾਹਰ ਆ ਗਿਆ ਹੈ। ਉਨ੍ਹਾਂ ਨੂੰ ਆਈ. ਸੀ. ਯੂ. ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਲਵਿੰਦਰ ਗਿੱਲ ਵੱਲੋਂ ਦੋਸ਼ੀਆਂ ਨਾਲ ਹੱਥੋਪਾਈ ਵੀ ਕੀਤੀ ਗਈ ਪਰ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਸ ਮੌਕੇ ਅੰਮ੍ਰਿਤਸਰ ਸ਼ਹਿਰੀ ਦੇ ਐੱਸ. ਸੀ. ਮੋਰਚਾ ਦੇ ਪ੍ਰਧਾਨ ਸੰਜੀਵ ਕੁਮਾਰ ਨੇ ਕਿਹਾ ਕਿ ਇਹ ਪੰਜਾਬ ਦੇ ਮਾੜੇ ਹਾਲਾਤ ਦਾ ਨਤੀਜਾ ਹੈ।