ਭਾਰਤੀ ਫੌਜ ਨਾਲ ਜੁੜੀ ਦੁਖਦਾਈ ਖਬਰ ਸਾਹਮਣੇ ਆਈ ਹੈ। ਦਸ ਦਈਏ ਕਿ ਬੁੱਧਵਾਰ ਤੜਕੇ 3.30 ਵਜੇ ਸਿਆਚਿਨ ਗਲੇਸ਼ੀਅਰ ਵਿੱਚ ਭਾਰਤੀ ਫੌਜ ਦੇ ਕਈ ਟੈਂਟਾਂ ਵਿੱਚ ਅੱਗ ਲੱਗ ਗਈ। ਇਸ ਦਰਦਨਾਕ ਹਾਦਸੇ ‘ਚ ਲਖਨਊ ਦਾ ਇਕ ਅਧਿਕਾਰੀ ਸ਼ਹੀਦ ਹੋ ਗਿਆ, ਜਦਕਿ 3 ਜਵਾਨ ਜ਼ਖ਼ਮੀ ਹੋਣ ਕਾਰਨ ਚੰਡੀਗੜ੍ਹ ਵਿੱਚ ਜ਼ੇਰੇ ਇਲਾਜ ਹਨ। ਫੌਜ ਦੇ ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸਲਟੇਰੋ ਖੇਤਰ ਵਿੱਚ ਵਾਪਰੀ। ਅੱਗ ਲੱਗਣ ਦਾ ਕਾਰਨ ਅਸਲੇ ਦੇ ਬੰਕਰ ਵਿੱਚ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਨ੍ਹਾਂ ਬੰਕਰਾਂ ਤੋਂ ਕਈ ਟੈਂਟਾਂ ਨੂੰ ਅੱਗ ਲੱਗ ਗਈ। ਸ਼ਹੀਦ ਹੋਏ ਅਧਿਕਾਰੀ ਦੀ ਪਛਾਣ ਲਖਨਊ ਦੇ ਰਹਿਣ ਵਾਲੇ ਕੈਪਟਨ ਅੰਸ਼ੁਮਨ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਤੜਕੇ ਕਰੀਬ 3:30 ਵਜੇ ਵਾਪਰੀ। ਇੱਥੇ ਰੈਜੀਮੈਂਟਲ ਮੈਡੀਕਲ ਅਫਸਰ ਕੈਪਟਨ ਅੰਸ਼ੁਮਨ ਸਿੰਘ ਦੀ ਬੁਰੀ ਤਰ੍ਹਾਂ ਝੁਲਸ ਜਾਣ ਕਾਰਨ ਮੌਤ ਹੋ ਗਈ।
ਇਸ ਦੇ ਨਾਲ ਹੀ 3 ਹੋਰ ਜਵਾਨ ਵੀ ਝੁਲਸ ਗਏ ਹਨ, ਜਿਨ੍ਹਾਂ ਦੀ ਹਾਲਤ ਸਥਿਰ ਹੈ। ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਤੋਂ ਪਹਿਲਾਂ ਵੀ ਸਿਆਚਿਨ ‘ਚ ਗੋਲੀਬਾਰੀ ਕਾਰਨ ਦੋ ਜਵਾਨ ਸ਼ਹੀਦ ਹੋ ਗਏ ਸਨ। ਦੱਸਿਆ ਗਿਆ ਕਿ ਸਾਲ 2011 ‘ਚ ਸਿਆਚਿਨ ‘ਚ ਅਸ਼ੋਕ ਪੋਸਟ ‘ਤੇ ਫੌਜ ਦੇ ਬੰਕਰ ‘ਚ ਅੱਗ ਲੱਗ ਗਈ ਸੀ। ਮੇਜਰ ਜੀ.ਐਸ.ਚੀਮਾ ਅਤੇ ਲੈਫਟੀਨੈਂਟ ਅਰਚਿਤ ਵਰਦੀਆ ਅੱਗ ਲੱਗਣ ਕਾਰਨ ਸ਼ਹੀਦ ਹੋ ਗਏ ਸਨ। ਇਸ ਦੇ ਨਾਲ ਹੀ ਚਾਰ ਹੋਰ ਜਵਾਨ ਗੰਭੀਰ ਰੂਪ ਨਾਲ ਝੁਲਸ ਗਏ ਸੀ। ਹਾਲਾਂਕਿ, ਬਾਅਦ ਵਿੱਚ ਉਹ ਠੀਕ ਹੋ ਗਏ ਸੀ। ਦੱਸ ਦੇਈਏ ਕਿ ਸਿਆਚਿਨ ਵਿੱਚ ਖ਼ਰਾਬ ਮੌਸਮ ਕਾਰਨ ਇੱਥੇ ਵੱਧ ਤੋਂ ਵੱਧ ਇੱਕ ਸਿਪਾਹੀ ਦੀ ਤਾਇਨਾਤੀ ਸਿਰਫ਼ ਤਿੰਨ ਮਹੀਨੇ ਹੀ ਰਹਿੰਦੀ ਹੈ। ਇਸ ਤੋਂ ਬਾਅਦ ਉਸਨੂੰ ਕਿਤੇ ਹੋਰ ਭੇਜਿਆ ਜਾਂਦਾ ਹੈ।