ਬਹਿਬਲ ਕਲਾਂ ਗੋਲੀਕਾਂਡ ਦੇ ਵਿਚ ਸ਼ਹੀਦ ਹੋਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਦੂਜੇ ਪੁੱਤਰ ਅਤੇ ਸਖਰਾਜ ਸਿੰਘ ਦੇ ਭਰਾ ਪ੍ਰਭਦੀਪ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਉਨ੍ਹਾਂ ਦੇ ਪਿਤਾ ਦੀ ਹੋਈ ਮੌਤ ਦਾ ਇਨਸਾਫ਼ ਨਾ ਮਿਲਣ ‘ਤੇ ਤਰਸ ਦੇ ਆਧਾਰ ’ਤੇ ਮਿਲੀ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੋਰਚੇ ਦੀ ਅਗਵਾਈ ਕਰ ਰਹੇ ਸੁਖਰਾਜ ਸਿੰਘ ਨੇ ਪ੍ਰੇਸਵਾਰਤਾ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਬਹਿਬਲ ਗੋਲੀਕਾਂਡ ਮਾਮਲਾ ਜਿਸ ਵਿਚ ਉਨ੍ਹਾਂ ਦੇ ਪਿਤਾ ਕ੍ਰਿਸ਼ਨ ਭਗਵਾਨ ਦੀ ਪੁਲਿਸ ਦੀ ਗੋਲੀ ਨਾਲ ਮੌਂਤ ਤੋਂ ਬਾਅਦ ਤਤਕਾਲੀ ਸਰਕਾਰ ਵੱਲੋਂ ਉਨ੍ਹਾਂ ਦੇ ਪਰਿਵਾਰ ਦੇ ਇੱਕ ਮੈਂਬਰ ਯਾਨੀ ਉਸਦੇ ਛੋਟੇ ਭਰਾ ਨੂੰ ਸਰਕਾਰੀ ਨੌਕਰੀ ਦਿੱਤੀ ਸੀ ।
ਉਥੇ ਹੀ ਬਹਿਬਲਕਲਾਂ ਗੋਲੀਕਾਂਡ ਮਾਮਲੇ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦਾ ਵਾਅਦਾ ਪਰਿਵਾਰ ਨਾਲ ਕੀਤਾ ਗਿਆ ਸੀ ਪਰ ਸੱਤ ਸਾਲ ਬਾਅਦ ਵੀ ਇਨਸਾਫ਼ ਨਾ ਮਿਲਣ ਦੇ ਚੱਲਦੇ ਅੱਜ ਉਸਦੇ ਛੋਟੇ ਭਰਾ ਪ੍ਰਭਦੀਪ ਸਿੰਘ ਵੱਲੋਂ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ । ਦੂਜੇ ਵੱਡੇ ਐਲਾਨ ਮੁਤਾਬਕ ਸ਼ਹੀਦੀ ਜੋੜ ਮੇਲੇ ਨੂੰ ਮੁੱਖ ਰੱਖਦੇ ਹੋਏ ਅਤੇ ਖਰਾਬ ਮੌਸਮ ਦੋਰਾਣ ਪੈ ਰਹੀ ਧੁੰਦ ਕਾਰਨ ਰਾਹਗੀਰਾਂ ਦੀ ਮੁਸ਼ਕਿਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਵੱਲੋਂ 15 ਤਰੀਖ ਤੋਂ ਕੀਤਾ ਗਿਆ ਰੋਡ ਜਾਮ ਖੋਲਣ ਦਾ ਫੈਸਲਾ ਲਿਆ ਗਿਆ ਹੈ ਪਰ ਨਾਲ ਹੀ ਉਨ੍ਹਾਂ ਸਾਫ ਕੀਤਾ ਕਿ ਉਨ੍ਹਾਂ ਦਾ ਇਨਸਾਫ ਮੋਰਚਾ ਪਹਿਲਾ ਵਾਂਗ ਜਾਰੀ ਰਹੇਗਾ । ਉਨ੍ਹਾਂ ਕਿਹਾ ਕਿ 7 ਜਨਵਰੀ ਨੂੰ ਸਰਕਾਰ ਨਾਲ ਆਰਪਾਰ ਦੀ ਲੜਾਈ ਦਾ ਵੱਡਾ ਫੈਸਲਾ ਲਿਆ ਜਾਵੇਗਾ।